ਚੀਨ ਦੇ ਵੁਹਾਨ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਸਥਿਤੀ ਦੀ ਗੰਭੀਰਤਾ ਦੇ ਮੱਦੇਨਜ਼ਰ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ 'ਚ ਘੱਟੋ-ਘੱਟ 5 ਕਰੋੜ ਲੋਕਾਂ ਨੂੰ ਬਾਹਰ ਜਾਣ ਦੀ ਮਨਜੂਰੀ ਨਹੀਂ ਹੈ। ਇਕ ਤਰ੍ਹਾਂ ਨਾਲ ਵੇਖਿਆ ਜਾਵੇ ਤਾਂ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਉੱਥੇ ਬੰਦ ਕਰ ਦਿੱਤਾ ਗਿਆ ਹੈ।
ਚੀਨੀ ਸਰਕਾਰ ਨੇ ਇਹ ਕਦਮ ਬਾਕੀ ਲੋਕਾਂ ਨੂੰ ਇਸ ਬੀਮਾਰੀ ਦੀ ਲਪੇਟ ਤੋਂ ਬਚਾਉਣ ਲਈ ਚੁੱਕਿਆ ਹੈ। ਇਸ ਵਾਇਰਸ ਕਾਰਨ ਹੁਣ ਤਕ ਘੱਟੋ-ਘੱਟ 259 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵਾਇਰਸ ਤੋਂ ਗ੍ਰਸਤ/ਪੀੜਤ ਲੋਕਾਂ ਦੀ ਗਿਣਤੀ 7153 ਤੱਕ ਪੁੱਜ ਗਈ ਹੈ। ਚੀਨ ’ਚ ਹੁਵੇਈ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਸੂਬੇ ’ਚ ਕੱਲ੍ਹ ਸ਼ੁੱਕਰਵਾਰ ਨੂੰ 1347 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 45 ਹੋਰ ਲੋਕਾਂ ਦੀ ਮੌਤ ਹੋ ਗਈ ਸੀ।
ਦੱਸ ਦੇਈਏ ਕਿ ਲੋਕਾਂ ਨੂੰ ਉਨ੍ਹਾਂ ਦੇ ਸ਼ਹਿਰ 'ਚ ਕੈਦ ਕਰਨ ਤੋਂ ਬਾਅਦ ਪ੍ਰਸ਼ਾਸਨ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਅਜਿਹੇ ਹਾਲਾਤ 'ਚ ਪ੍ਰਸ਼ਾਸਨ ਨੂੰ ਵੱਡੀ ਗਿਣਤੀ 'ਚ ਲੋਕਾਂ ਨੂੰ ਖਾਣ-ਪੀਣ ਅਤੇ ਹੋਰ ਜ਼ਰੂਰਤ ਦਾ ਸਾਮਾਨ ਹਰ ਸਮੇਂ ਉਪਲੱਬਧ ਕਰਵਾਉਣਾ ਪਵੇਗਾ। ਰਿਪੋਰਟ ਮੁਤਾਬਿਕ ਟਰੱਕਾਂ 'ਚ ਪੂਰਬੀ ਚੀਨ ਤੋਂ ਵੁਹਾਨ ਵੱਲ 560 ਟਨ ਕੀਟਨਾਸ਼ਕ ਲਿਜਾਂਦੇ ਦੇਖਿਆ ਗਿਆ ਹੈ। ਸਰਕਾਰੀ ਮੀਡੀਆ 'ਚ ਆਈ ਤਸਵੀਰਾਂ 'ਚ ਵੀ ਖਾਣ-ਪੀਣ ਦੀਆਂ ਚੀਜ਼ਾਂ ਲੈ ਕੇ ਜਾਣ ਵਾਲੇ ਟਰੱਕਾਂ ਦੀ ਇੱਕ ਲੰਬੀ ਲਾਈਨ ਦਿਖਾਈ ਗਈ ਹੈ।
ਇਸ ਦੌਰਾਨ ਹੁਬੇਈ ਸੂਬੇ ਦੀ ਸਰਕਾਰ ਨੇ ਲੋਕਾਂ ਨੂੰ ਸਬਜ਼ੀਆਂ, ਚੌਲ, ਮੀਟ ਅਤੇ ਦਵਾਈਆਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ। ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਤੋਂ ਦੁਨੀਆ ਦੇ ਕਈ ਦੇਸ਼ਾਂ 'ਚ ਫੈਲ ਚੁੱਕਾ ਹੈ। ਇਸ ਵਾਇਰਸ ਕਾਰਨ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਚੀਨ ਜਾਣ ਤੋਂ ਪਹਿਲਾਂ ਚਿਤਾਵਨੀ ਦਿੱਤੀ ਹੈ। ਇੱਥੋਂ ਤਕ ਕਿ ਸਾਰੇ ਦੇਸ਼ ਆਪਣੇ ਨਾਗਰਿਕਾਂ ਨੂੰ ਚੀਨ ਦੇ ਪ੍ਰਭਾਵਿਤ ਇਲਾਕਿਆਂ ਤੋਂ ਲਿਆਉਣ ਦੀ ਤਿਆਰੀ ਕਰ ਰਹੇ ਹਨ।
ਚੀਨ 'ਚੋਂ 324 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਹਵਾਈ ਜਹਾਜ਼ ਬੀ–747 ਅੱਜ ਤੜਕੇ ਨਵੀਂ ਦਿੱਲੀ ਹਵਾਈ ਅੱਡੇ ’ਤੇ ਪਰਤ ਆਇਆ। ਭਾਰਤੀ ਹਵਾਈ ਜਹਾਜ਼ ਸ਼ੁੱਕਰਵਾਰ ਦੁਪਹਿਰੇ ਦਿੱਲੀ ਤੋਂ ਚੀਨ ਦੇ ਸ਼ਹਿਰ ਵੁਹਾਨ ਲਈ ਰਵਾਨਾ ਹੋਇਆ ਸੀ। ਉਸ ਉਡਾਣ ’ਚ ਪੰਜ ਕਾਕਪਿਟ ਕਰਿਯੂ ਮੈਂਬਰ ਤੇ 15 ਕੈਬਿਨ ਕਰਿਯੂ ਮੈਂਬਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਜਹਾਜ਼ ਵਿੱਚ ਰਾਮ ਮਨੋਹਰ ਲੋਹੀਆ (RML) ਹਸਪਤਾਲ ਦੇ ਪੰਜ ਡਾਕਟਰ ਤੇ ਇੱਕ ਪੈਰਾ–ਮੈਡੀਕਲ ਮੁਲਾਜ਼ਮ ਵੀ ਮੌਜੂਦ ਸਨ।