ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਚੀਨ 'ਚ ਮ੍ਰਿਤਕਾਂ ਵਾਲਿਆਂ ਦੀ ਗਿਣਤੀ 500 ਦਾ ਅੰਕੜਾ ਪਾਰ ਕਰਨ ਵਾਲੀ ਹੈ। ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ ਚੀਨ 'ਚ ਕੋਰੋਨਾ ਵਾਇਰਸ ਦੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 490 ਹੋ ਗਈ ਹੈ ਅਤੇ 24,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਇਸ ਦੌਰਾਨ ਚੀਨੀ ਅਧਿਕਾਰੀਆਂ ਦੀ ਚੁੱਪੀ ਬਾਰੇ ਇੱਕ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵੁਹਾਨ 'ਚ ਇਕ ਡਾਕਟਰ ਨੇ ਪਿਛਲੇ ਸਾਲ ਦਸੰਬਰ ਮਹੀਨੇ 'ਚ ਜਾਨਲੇਵਾ ਵਾਇਰਸ ਦੇ ਪਹਿਲੇ ਕੇਸ ਬਾਰੇ ਜਾਣਕਾਰੀ ਦਿੱਤੀ ਸੀ। ਵਾਇਰਸ ਦੇ ਫੈਲਣ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵਜੋਂ ਚੀਨ ਨੇ ਸੋਮਵਾਰ ਨੂੰ ਵੁਹਾਨ 'ਚ 1000 ਬੈਡਾਂ ਦਾ ਇੱਕ ਅਸਥਾਈ ਹਸਪਤਾਲ ਖੋਲ੍ਹਿਆ ਹੈ। ਇਹ ਹਸਪਤਾਲ ਰਿਕਾਰਡ 9 ਦਿਨਾਂ 'ਚ ਤਿਆਰ ਕੀਤਾ ਗਿਆ ਹੈ। ਦੱਸ ਦੇਈਏ ਕਿ ਵੁਹਾਨ 'ਚ ਹੀ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ।
ਦੱਸਿਆ ਜਾ ਰਿਹਾ ਹੈ ਕਿ ਅੱਜ ਬੁੱਧਵਾਰ ਰਾਤ ਤਕ 1300 ਬੈੱਡਾਂ ਵਾਲਾ ਇੱਕ ਹੋਰ ਹਸਪਤਾਲ ਤਿਆਰ ਹੋ ਜਾਵੇਗਾ। ਇਨ੍ਹਾਂ ਦੋਵਾਂ ਹਸਪਤਾਲਾਂ ਨੂੰ ਫੌਜ ਦੇ ਸੈਂਕੜੇ ਮੈਡੀਕਲ ਮੁਲਾਜ਼ਮ ਚਲਾਉਣਗੇ।
ਦੂਜੇ ਪਾਸੇ, ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਕਿਹਾ ਕਿ ਜਾਨਲੇਵਾ ਕੋਰੋਨਾ ਵਾਇਰਸ ਨੂੰ ਰੋਕਣ ਲਈ ਚੀਨ ਵੱਲੋਂ ਚੁੱਕੇ ਗਏ ਕਦਮਾਂ ਕਾਰਨ ਇਹ ਬੀਮਾਰੀ ਵਿਦੇਸ਼ਾਂ 'ਚ ਜ਼ਿਆਦਾ ਨਹੀਂ ਫੈਲੀ ਹੈ। ਜੇਨੇਵਾ 'ਚ ਡਬਲਯੂਐਚਓ ਦੇ ਕਾਰਜਕਾਰੀ ਬੋਰਡ ਦੀ ਤਕਨੀਕੀ ਮੀਟਿੰਗ 'ਚ ਟੇਡਰੋਸ ਨੇ ਕਿਹਾ, "99 ਫੀਸਦੀ ਮਾਮਲੇ ਚੀਨ 'ਚ ਹਨ, ਜਦੋਂ ਕਿ ਬਾਕੀ ਦੁਨੀਆਂ 'ਚ ਸਿਰਫ 176 ਕੇਸ ਹਨ।"
ਕੋਰੋਨਾ ਵਾਇਰਸ ਦੀ ਲਪੇਟ 'ਚ ਦੋ-ਤਿਹਾਈ ਮਰਦ :
ਚੀਨ ਦੇ ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਵਾਲੇ ਲੋਕਾਂ 'ਚ ਦੋ ਤਿਹਾਈ ਮਰਦ ਹਨ ਅਤੇ ਮ੍ਰਿਤਕਾਂ 'ਚੋਂ 80 ਫੀਸਦੀ 60 ਸਾਲ ਤੋਂ ਉਪਰ ਹਨ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਇਕ ਅਧਿਕਾਰੀ ਜਿਆਓ ਯਾਹੁਈ ਨੇ ਮੀਡੀਆ ਨੂੰ ਦੱਸਿਆ ਕਿ ਮ੍ਰਿਤਕਾਂ 'ਚ ਦੋ ਤਿਹਾਈ ਮਰਦ ਅਤੇ ਇੱਕ ਤਿਹਾਈ ਔਰਤ ਹਨ। ਇਸ ਤੋਂ ਇਲਾਵਾ 75 ਫੀਸਦੀ ਲੋਕਾਂ ਨੂੰ ਦਿਲ ਦੀ ਬਿਮਾਰੀ, ਸ਼ੂਗਰ, ਟਿਊਮਰ ਦੀ ਸਮੱਸਿਆ ਸੀ।
ਜਾਣੋ ਕਿਸ ਦੇਸ਼ 'ਚ ਕੋਰੋਨਾ ਵਾਇਰਸ ਦੇ ਕਿੰਨੇ ਕੇਸ ਸਾਹਮਣੇ ਆਏ?
ਸਿੰਗਾਪੁਰ - 24
ਜਾਪਾਨ - 20
ਥਾਈਲੈਂਡ - 19
ਹਾਂਗਕਾਂਗ - 1 ਵਿਅਕਤੀ ਦੀ ਮੌਤ, 17 ਪੀੜਤ
ਦੱਖਣੀ ਕੋਰੀਆ - 16
ਆਸਟ੍ਰੇਲੀਆ - 12
ਜਰਮਨੀ -12
ਅਮਰੀਕਾ - 11
ਮਲੇਸ਼ੀਆ - 10
ਤਾਈਵਾਨ - 10
ਵੀਅਤਨਾਮ - 10
ਫਰਾਂਸ -6
ਮਕਾਉ - 9
ਕਨੇਡਾ - 4
ਭਾਰਤ - 3
ਯੂਕੇ -2
ਇਟਲੀ -2
ਰੂਸ -2
ਫਿਲੀਪੀਨਜ਼ - 1 ਵਿਅਕਤੀ ਦੀ ਮੌਤ ਸਮੇਤ, 2 ਪੀੜਤ
ਨੇਪਾਲ, ਸ੍ਰੀਲੰਕਾ ਅਤੇ ਕੰਬੋਡੀਆ - 1-1
ਫਿਨਲੈਂਡ, ਸਪੇਨ, ਸਵੀਡਨ - 1-1