ਕੋਰੋਨਾ ਸੰਕਟ ਨੇ ਚੀਨੀ ਫ਼ਿਲਮ ਇੰਡਸਟਰੀ ਦਾ ਲੱਕ ਤੋੜ ਦਿੱਤਾ ਹੈ। ਇੱਕ ਤਾਜ਼ਾ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਇਸ ਖੇਤਰ 'ਚ ਵੱਡੇ ਪੱਧਰ 'ਤੇ ਛਾਂਟੀ ਸ਼ੁਰੂ ਹੋ ਚੁੱਕੀ ਹੈ ਅਤੇ ਨਾਲ ਹੀ 40% ਥੀਏਟਰਾਂ 'ਤੇ ਪੱਕੇ ਤੌਰ 'ਤੇ ਤਾਲਾ ਲਗਾਉਣ ਦਾ ਖ਼ਤਰਾ ਹੈ। ਦੁਨੀਆਂ 'ਚ ਸਭ ਤੋਂ ਵੱਧ 69,787 ਸਿਨੇਮਾ ਸਕ੍ਰੀਨ ਚੀਨ 'ਚ ਹਨ। 23 ਜਨਵਰੀ ਨੂੰ ਵੁਹਾਨ ਸੂਬੇ 'ਚ ਲੌਕਡਾਊਨ ਦੀ ਘੋਸ਼ਣਾ ਕੀਤੇ ਜਾਣ ਤੋਂ ਬਾਅਦ ਸਾਰੇ ਥੀਏਟਰ ਬੰਦ ਕਰ ਦਿੱਤੇ ਗਏ ਸਨ।
ਚਾਈਨਾ ਫ਼ਿਲਮ ਐਸੋਸੀਏਸ਼ਨ, ਦੀ ਚਾਈਨਾ ਫ਼ਿਲਮ ਡਿਸਟ੍ਰੀਬਿਊਸ਼ਨ ਐਂਡ ਸਕ੍ਰੀਨ ਐਸੋਸੀਏਸ਼ਨ ਦੇ ਇੱਕ ਸਰਵੇਖਣ 'ਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਸੰਕਟ ਕਾਰਨ ਚੀਨੀ ਬਾਕਸ ਆਫਿਸ ਨੂੰ ਇਸ ਸਾਲ ਹੁਣ ਤਕ 4.24 ਅਰਬ ਡਾਲਰ (ਲਗਭਗ 296.8 ਅਰਬ ਰੁਪਏ) ਦਾ ਨੁਕਸਾਨ ਹੋਇਆ ਹੈ। 40% ਥੀਏਟਰ ਆਪਣੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੇ ਬੰਦ ਹੋਣ ਨਾਲ ਵੱਡੇ ਪੱਧਰ 'ਤੇ ਨੌਕਰੀਆਂ ਵੀ ਜਾਣਗੀਆਂ। 20% ਮੁਲਾਜ਼ਮਾਂ ਦੀ ਤਾਂ ਪਹਿਲਾਂ ਹੀ ਛੁੱਟੀ ਹੋ ਚੁੱਕੀ ਹੈ।
ਚੀਨ 'ਚ ਕੋਵਿਡ-19 ਦਾ 1 ਨਵਾਂ ਕੇਸ
ਚੀਨੀ ਨੈਸ਼ਨਲ ਹੈਲਥ ਕਮਿਸ਼ਨ ਨੇ ਵੀਰਵਾਰ (4 ਜੂਨ) ਨੂੰ ਕਿਹਾ ਕਿ 3 ਜੂਨ ਨੂੰ ਕੋਵਿਡ-19 ਦਾ ਸਿਰਫ਼ 1 ਨਵਾਂ ਮਾਮਲਾ ਸਾਹਮਣੇ ਆਇਆ ਹੈ, ਜੋ ਵਿਦੇਸ਼ ਤੋਂ ਆਇਆ ਹੈ। 3 ਜੂਨ ਨੂੰ 5 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। 383 ਲੋਕਾਂ 'ਤੇ ਡਾਕਟਰੀ ਨਿਗਰਾਨੀ ਖ਼ਤਮ ਕੀਤੀ ਗਈ ਹੈ। ਹੁਣ ਤਕ ਵਿਦੇਸ਼ ਤੋਂ ਆਏ 60 ਲੋਕ ਪਾਜ਼ੀਟਿਵ ਮਿਲੇ ਹਨ ਅਤੇ ਸ਼ੱਕੀ ਮਾਮਲਿਆਂ ਦੀ ਗਿਣਤੀ 3 ਹੈ। ਕੁੱਲ ਮਿਲਾ ਕੇ ਵਿਦੇਸ਼ਾਂ ਤੋਂ 1763 ਪਾਜ਼ੀਟਿਵ ਕੇਸ ਆਏ ਹਨ, ਜਿਨ੍ਹਾਂ ਵਿੱਚੋਂ 1703 ਲੋਕ ਠੀਕ ਹੋ ਚੁੱਕੇ ਹਨ ਅਤੇ ਮੌਤ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।