ਦੁਨੀਆ ਭਰ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੇ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਕੁਝ ਸਮੇਂ ਪਹਿਲਾਂ ਹਾਲੀਵੁੱਡ ਅਦਾਕਾਰ ਟੋਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰੀਟਾ ਵਿਲੀਮਜ਼ ਦੇ ਕੋਰੋਨਾ ਵਾਇਰਸ ਪਾਜੀਟਿਵ ਹੋਣ ਦੀ ਖਬਰ ਸਾਹਮਣੇ ਆਈ ਸੀ। ਇਸ ਤੋਂ ਬਾਅਦ ਜੇਮਜ਼ ਬਾਂਡ ਦੀ ਅਦਾਕਾਰਾ ਓਲਗਾ ਕੁਰੀਲੇਂਕੋ ਦੇ ਕੋਰੋਨਾ ਪਾਜੀਟਿਵ ਹੋਣ ਬਾਰੇ ਪਤਾ ਲੱਗਿਆ ਸੀ।
ਹੁਣ ਇੱਕ ਹੋਰ ਮਸ਼ਹੂਰ ਹਸਤੀ ਨੇ ਖੁਦ ਨੂੰ ਕੋਰੋਨਾ ਤੋਂ ਪੀੜਤ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਇਹ ਕੋਈ ਹੋਰ ਨਹੀਂ, ਸਗੋਂ ਫ਼ਿਲਮ 'ਗੇਮ ਆਫ਼ ਥ੍ਰੋਨਜ਼' ਦੇ ਅਦਾਕਾਰ ਕ੍ਰਿਸਟੋਫਰ ਹਿਵਜੂ ਹਨ। ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ। ਪਰਿਵਾਰ ਨਾਲ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੇ ਇੱਕ ਲੰਮੀ ਪੋਸਟ ਵੀ ਜਾਰੀ ਕੀਤੀ ਹੈ।
ਕ੍ਰਿਸਟੋਫਰ ਹਿਵਜੂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ, "ਮੈਨੂੰ ਅੱਜ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮੈਂ COVID-19 ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹਾਂ ਮੈਂ ਅਤੇ ਮੇਰਾ ਪਰਿਵਾਰ ਜਿੰਨੀ ਦੇਰ ਤਕ ਲੋੜ ਹੈ, ਉਦੋਂ ਤਕ ਖੁਦ ਨੂੰ ਘਰ 'ਚ ਬੰਦ ਰਹਿਣਗੇ। ਸਾਡੀ ਸਿਹਤ ਠੀਕ ਹੈ। ਮੈਨੂੰ ਸਿਰਫ਼ ਸਰਦੀ ਦੇ ਹਲਕੇ ਲੱਛਣ ਹਨ। ਕੁਝ ਅਜਿਹੇ ਲੋਕ ਹਨ, ਜਿਨ੍ਹਾਂ ਲਈ ਇਹ ਵਾਇਰਸ ਬਹੁਤ ਖ਼ਤਰਨਾਕ ਹੋ ਸਕਦਾ ਹੈ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਵਧਾਨ ਰਹਿਣ ਦੀ ਅਪੀਲ ਕਰਦਾ ਹਾਂ। ਆਪਣੇ ਹੱਥ ਧੋਵੋ, ਦੂਜਿਆਂ ਤੋਂ 1 ਤੋਂ 5 ਮੀਟਰ ਦੀ ਦੂਰੀ ਬਣਾਈ ਰੱਖੋ। ਆਪਣੇ ਆਪ ਨੂੰ ਦੂਜਿਆਂ ਤੋਂ ਵੱਖ ਕਰੋ। ਇਸ ਵਾਇਰਸ ਨੂੰ ਰੋਕਣ ਲਈ ਤੁਸੀਂ ਜੋ ਕਰ ਸਕਦੇ ਹੋ ਉਹ ਕਰੋ।"
ਉਨ੍ਹਾਂ ਲਿਖਿਆ, "ਅਸੀਂ ਮਿਲ ਕੇ ਇਸ ਵਾਇਰਸ ਨਾਲ ਲੜ ਸਕਦੇ ਹਾਂ। ਕਿਰਪਾ ਕਰਕੇ ਇੱਕ-ਦੂਜੇ ਦਾ ਧਿਆਨ ਰੱਖੋ, ਦੂਰੀ ਬਣਾਓ ਅਤੇ ਸਿਹਤਮੰਦ ਰਹੋ।"
ਦੱਸ ਦੇਈਏ ਕਿ ਚੀਨ ਦੇ ਵੁਹਾਨ ਤੋਂ ਪਿਛਲੇ ਸਾਲ ਦੇ ਅੰਤ ਵਿੱਚ ਸ਼ੁਰੂ ਹੋਏ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਦੁਨੀਆ ਭਰ ਵਿੱਚ 7173 ਮੌਤਾਂ ਹੋ ਚੁੱਕੀਆਂ ਹਨ। 182,683 ਲੋਕ ਕੋਰੋਨਾ ਨਾਲ ਪੀੜਤ ਪਾਏ ਗਏ ਹਨ। ਭਾਰਤ 'ਚ ਕੋਰੋਨਾ ਵਾਇਰਸ ਦੇ 126 ਮਾਮਲੇ ਸਾਹਮਣੇ ਆ ਚੁੱਕੇ ਹਨ।
ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 3,226 ਮੌਤਾਂ ਹੋ ਚੁੱਕੀਆਂ ਹਨ, ਜਦਕਿ ਦੇਸ਼ 'ਚ ਸੰਕਰਮਿਤ ਮਾਮਲਿਆਂ ਦੀ ਗਿਣਤੀ ਵੱਧ ਕੇ 80,881 ਹੋ ਗਈ ਹੈ। ਇਸ ਤੋਂ ਇਲਾਵਾ ਇਟਲੀ ਵਿੱਚ ਹੁਣ ਤੱਕ 2158 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।