ਕੋਰੋਨਾ ਵਾਇਰਸ ਕਾਰਨ ਭਾਰਤ ਨੇ ਐਤਵਾਰ ਨੂੰ ਚੀਨੀ ਨਾਗਰਿਕਾਂ ਅਤੇ ਚੀਨ ਵਿੱਚ ਰਹਿੰਦੇ ਵਿਦੇਸ਼ੀ ਲੋਕਾਂ ਲਈ ਈ-ਵੀਜ਼ਾ ਸਹੂਲਤ ਨੂੰ ਮੁਅੱਤਲ ਕਰ ਦਿੱਤਾ ਹੈ।
ਭਾਰਤੀ ਐਂਬੈਂਸੀ ਨੇ ਕਿਹਾ ਕਿ ਕੁਝ ਮੌਜੂਦਾ ਘਟਨਾਕ੍ਰਮ ਸਦਕਾ, ਈ-ਵੀਜ਼ਾ 'ਤੇ ਭਾਰਤ ਦੀ ਯਾਤਰਾ ਨੂੰ ਅਸਥਾਈ ਤੌਰ 'ਤੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਚੀਨੀ ਪਾਸਪੋਰਟ ਧਾਰਕਾਂ ਅਤੇ ਚੀਨ ਵਿੱਚ ਰਹਿੰਦੇ ਦੂਜੇ ਦੇਸ਼ਾਂ ਦੇ ਬਿਨੈਕਾਰਾਂ ਉੱਤੇ ਲਾਗੂ ਹੁੰਦਾ ਹੈ। ਪਹਿਲਾਂ ਤੋਂ ਜਾਰੀ ਕੀਤੇ ਈ-ਵੀਜ਼ਾ ਹੁਣ ਵੈਧ ਨਹੀਂ ਹਨ।
Embassy of India in China: Due to certain current developments, travel to India on E-visas stands temporarily suspended with immediate effect. This applies to holders of Chinese passports and applicants of other nationalities residing in the People’s Republic of China. https://t.co/TkkNXMVVBH
— ANI (@ANI) February 2, 2020
ਦੱਸ ਦਈਏ ਕਿ ਚੀਨ ਤੋਂ ਬਾਹਰ ਜਾਨਲੇਵਾ ਕੋਰੋਨਾ ਵਾਇਰਸ ਦੀ ਲਾਗ ਕਾਰਨ ਹੋਈ ਮੌਤ ਦਾ ਪਹਿਲਾ ਕੇਸ ਫਿਲਪੀਨ ਵਿੱਚ ਸਾਹਮਣੇ ਆਇਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 305 ਹੋ ਗਈ ਹੈ। 14,562 ਲੋਕਾਂ ਦੇ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਐਤਵਾਰ ਨੂੰ ਫਿਲਪੀਨ ਵਿੱਚ ਕੋਰੋਨਾ ਵਾਇਰਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਵਾਇਰਸ ਕਾਰਨ ਚੀਨ ਤੋਂ ਬਾਹਰ ਕਿਸੇ ਵਿਅਕਤੀ ਦੀ ਮੌਤ ਦਾ ਇਹ ਪਹਿਲਾ ਕੇਸ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਈ ਘੰਟੇ ਪਹਿਲਾਂ, ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਸੀ ਕਿ ਸ਼ਨਿੱਚਰਵਾਰ ਤੱਕ ਵਾਇਰਸ ਕਾਰਨ ਕੁੱਲ 304 ਲੋਕਾਂ ਦੀ ਮੌਤ ਹੋ ਗਈ ਸੀ। ਫਿਲੀਪਾਈਨ ਵਿੱਚ ਮਰਨ ਵਾਲਾ ਆਦਮੀ ਚੀਨ ਦੇ ਵੁਹਾਨ ਦਾ ਵਸਨੀਕ ਸੀ।
ਜ਼ਿਕਰਯੋਗ ਹੈ ਕਿ ਇਸ ਵਾਇਰਸ ਦਾ ਪਤਾ ਦਸੰਬਰ ਦੀ ਸ਼ੁਰੂਆਤ ਵਿੱਚ ਲੱਗਾ ਸੀ ਅਤੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਦੇ ਇੱਕ ਬਾਜ਼ਾਰ ਤੋਂ ਫੈਲਣ ਦਾ ਖ਼ਦਸ਼ਾ ਹੈ, ਜਿਥੇ ਜੰਗਲੀ ਜਾਨਵਰ ਮੀਟ ਲਈ ਵੇਚੇ ਜਾਂਦੇ ਹਨ। ਚੀਨ ਦੇ ਵੇਂਗਝੋਓ ਸ਼ਹਿਰ ਨੇ ਐਤਵਾਰ ਨੂੰ ਵੁਹਾਨ ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਤਬਾਹੀ ਦੇ ਮੱਦੇਨਜ਼ਰ ਆਪਣੇ ਵਸਨੀਕਾਂ ਦੀ ਆਵਾਜਾਈ ਅਤੇ ਸੜਕਾਂ ਨੂੰ ਬੰਦ ਕਰ ਦਿੱਤਾ।