ਚੀਨ 'ਚ ਫੈਲੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਫਿਲਹਾਲ ਹੌਲੀ-ਹੌਲੀ ਕਮੀ ਆ ਰਹੀ ਹੈ, ਪਰ ਦੁਨੀਆ ਦੇ ਬਾਕੀ ਦੇਸ਼ਾਂ 'ਚ ਇਸ ਦੇ ਤੇਜ਼ੀ ਨਾਲ ਫੈਲਣ ਕਾਰਨ ਪ੍ਰੇਸ਼ਾਨੀ ਵੱਧ ਗਈ ਹੈ। ਬ੍ਰਿਟੇਨ 'ਚ ਵੀ ਇਸ ਜਾਨਲੇਵਾ ਵਾਇਰਸ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ। ਇਸ ਯੂਰਪੀ ਦੇਸ਼ 'ਚ ਕੋਰੋਨਾ ਨਾਲ ਹੋਈ ਪਹਿਲੀ ਮੌਤ ਹੈ।
ਇੰਗਲੈਂਡ ਦੇ ਮੁੱਖ ਸਿਹਤ ਅਧਿਕਾਰੀ ਕ੍ਰਿਸ ਵਹਿਟੀ ਨੇ ਦੱਸਿਆ ਕਿ ਪੀੜਤ ਮਰੀਜ਼ ਰਾਇਲ ਬਰਕਸ਼ਾਇਰ ਹਸਪਤਾਲ 'ਚ ਦਾਖਲ ਸੀ। ਇੰਗਲੈਂਡ 'ਚ ਕੋਰੋਨਾ ਵਾਇਰਸ ਦੇ ਹੁਣ ਤਕ 116 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 37 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। 66 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 6 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
80 ਦੇਸ਼ਾਂ 'ਚ ਫੈਲ ਚੁੱਕਾ ਹੈ ਵਾਇਰਸ :
ਇਹ ਵਾਇਰਸ ਲਗਭਗ 80 ਦੇਸ਼ਾਂ 'ਚ ਫੈਲ ਚੁੱਕਾ ਹੈ। ਪਿਛਲੇ ਸਾਲ ਦੇ ਅੰਤ 'ਚ ਚੀਨ ਤੋਂ ਸ਼ੁਰੂ ਹੋਇਆ ਵਾਇਰਸ ਉੱਥੇ ਲਗਭਗ 3042 ਲੋਕਾਂ ਦੀ ਜਾਨ ਲੈ ਚੁੱਕਾ ਹੈ। 23,756 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 5737 ਦੀ ਹਾਲਤ ਗੰਭੀਰ ਬਣੀ ਹੋਈ ਹੈ। ਚੀਨ 'ਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉਦਯੋਗਾਂ ਨੂੰ ਅਸਥਾਈ ਤੌਰ 'ਤੇ ਅਤੇ ਸਕੂਲ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ। ਯੂਨੈਸਕੋ ਨੇ ਦੱਸਿਆ ਕਿ 13 ਦੇਸ਼ਾਂ ਨੇ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਇਸ ਨਾਲ ਲਗਭਗ 29.5 ਕਰੋੜ ਵਿਦਿਆਰਥੀ ਪ੍ਰਭਾਵਿਤ ਹੋਏ ਹਨ। ਇਟਲੀ ਨੇ ਸਾਰੇ ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ 15 ਮਾਰਚ ਤਕ ਬੰਦ ਕਰ ਦਿੱਤਾ ਹੈ।