ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਤੱਕ ਇਸ ਜਾਨਲੇਵਾ ਵਾਇਰਸ ਕਾਰਨ ਦੁਨੀਆ ਭਰ 'ਚ 7,85,777 ਲੋਕ ਇਸ ਦੀ ਲਪੇਟ 'ਚ ਆ ਚੁੱਕੇ ਹਨ ਅਤੇ 37,815 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਤੋਂ ਬਾਅਦ ਹੁਣ ਇਟਲੀ 'ਚ ਵੀ ਸੰਕਰਮਣ ਦੀ ਗਿਣਤੀ 1 ਲੱਖ ਤੋਂ ਪਾਰ ਹੋ ਗਈ ਹੈ। ਇੱਥੇ ਪਿਛਲੇ 24 ਘੰਟਿਆਂ ਵਿੱਚ 812 ਮੌਤਾਂ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 11,591 ਤੱਕ ਪਹੁੰਚ ਗਈ ਹੈ।
ਇਟਲੀ 'ਚ ਕੋਰੋਨਾ ਪਾਜੀਟਿਵ ਕੁਲ ਗਿਣਤੀ 1,01,739 ਹੋ ਗਈ ਹੈ। ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਦੇਸ਼ 'ਚ ਲੌਕਡਾਊਨ (ਤਾਲਾਬੰਦੀ) ਨੂੰ 12 ਅਪ੍ਰੈਲ ਤੱਕ ਵਧਾ ਦਿੱਤਾ ਹੈ। ਹਾਲਾਂਕਿ ਇੱਥੇ ਹੁਣ ਲਾਗ ਦਰ 'ਚ ਹੌਲੀ-ਹੌਲੀ ਕਮੀ ਆ ਰਹੀ ਹੈ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਪਾਬੰਦੀਆਂ 'ਚ ਹੌਲੀ-ਹੌਲੀ ਢਿੱਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤਿੰਨ ਹਫ਼ਤਿਆਂ ਤੋਂ ਚੱਲ ਰਿਹਾ ਬੰਦ ਵਿੱਤੀ ਤੌਰ ’ਤੇ ਬਹੁਤ ਮੁਸ਼ਕਲ ਰਿਹਾ ਹੈ।
ਪ੍ਰਧਾਨ ਮੰਤਰੀ ਕੌਂਤੇ ਨੇ ਸਪੇਨ ਦੇ ਇੱਕ ਅਖ਼ਬਾਰ ਨੂੰ ਦੱਸਿਆ, "ਤਾਲਾਬੰਦੀ ਨੂੰ ਜ਼ਿਆਦਾ ਦੇਰ ਤੱਕ ਨਹੀਂ ਚੱਲਣ ਦਿੱਤਾ ਜਾ ਸਕਦਾ। ਅਸੀਂ ਪਾਬੰਦੀਆਂ 'ਚ ਢਿੱਲ ਦੇਣ ਦੇ ਤਰੀਕਿਆਂ ਨੂੰ ਲੱਭ ਰਹੇ ਹਾਂ, ਪਰ ਹੌਲੀ-ਹੌਲੀ ਇਸ ਨੂੰ ਹਟਾ ਦਿੱਤਾ ਜਾਵੇਗਾ।" ਬਾਅਦ 'ਚ ਸਿਹਤ ਮੰਤਰੀ ਰੋਬਰਟ ਸਪਰੰਜਾ ਨੇ ਕਿਹਾ ਕਿ ਸਾਰੀਆਂ ਪਾਬੰਦੀਆਂ ਨੂੰ ਇਸਟਰ ਮਤਲਬ 12 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ। ਇਟਲੀ 'ਚ ਸ਼ੁੱਕਰਵਾਰ 3 ਅਪ੍ਰੈਲ ਨੂੰ ਲੌਕਡਾਊਨ ਖਤਮ ਹੋਣ ਜਾ ਰਿਹਾ ਸੀ।
ਇਟਲੀ ਨੂੰ ਹੁਣ ਰਾਹਤ ਦੀ ਉਮੀਦ :
ਇਟਲੀ ਦੇ ਪ੍ਰਸ਼ਾਸਨ ਨੂੰ ਹੁਣ ਉਮੀਦ ਹੈ ਕਿ ਕੋਰੋਨਾ ਦੀ ਲਾਗ ਦੀ ਦਰ ਘੱਟ ਜਾਵੇਗੀ। ਨਵੇਂ ਅੰਕੜੇ ਦਰਸਾਉਂਦੇ ਹਨ ਕਿ ਲਾਗ ਦੀ ਦਰ ਹੁਣ ਘੱਟ ਰਹੀ ਹੈ। ਇਟਲੀ 'ਚ ਹੁਣ ਰੋਜ਼ਾਨਾ ਲਾਗ ਦੀ ਦਰ ਘੱਟ ਕੇ 4.1 ਫ਼ੀਸਦੀ ਤਕ ਪਹੁੰਚ ਗਈ ਹੈ।
ਅਮਰੀਕਾ 'ਚ ਹਾਲਾਤ ਖ਼ਰਾਬ :
ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ ਹਾਲਾਤ ਕਾਫ਼ੀ ਖ਼ਰਾਬ ਨਜ਼ਰ ਆ ਰਹੇ ਹਨ। ਇੱਥੇ 1,64,253 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਹਨ। ਇਨ੍ਹਾਂ 'ਚੋਂ 3165 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 5506 ਲੋਕ ਠੀਕ ਹੋ ਚੁੱਕੇ ਹਨ। ਅਮਰੀਕਾ 'ਚ ਰੋਜ਼ਾਨਾ 3 ਤੋਂ 4 ਹਜ਼ਾਰ ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆ ਰਹੇ ਹਨ।