ਜਾਨਲੇਵਾ ਕੋਰੋਨਾ ਵਾਇਰਸ ਨੇ ਚੀਨ ਸਮੇਤ ਪੂਰੀ ਦੁਨੀਆ 'ਚ ਤਰਥੱਲੀ ਮਚਾਈ ਹੋਈ ਹੈ। ਇਸ ਕਾਰਨ ਦੁਨੀਆ ਭਰ 'ਚ ਹੁਣ ਤਕ 3,497 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਚੀਨ 'ਚ ਸਭ ਤੋਂ ਵੱਧ 3,070 ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਇਟਲੀ 197 ਅਤੇ ਇਰਾਨ 124 ਮੌਤਾਂ ਨਾਲ ਦੂਜੇ ਅਤੇ ਤੀਜੇ ਨੰਬਰ 'ਤੇ ਹੈ। ਮੌਤ ਦੇ ਇਸ ਵਾਇਰਸ ਕਾਰਨ ਦੁਨੀਆ ਭਰ 'ਚ 1,02,242 ਲੋਕ ਪ੍ਰਭਾਵਿਤ ਹਨ।
ਚੀਨ 'ਚ ਕੋਰੋਨਾ ਵਾਇਰਸ ਕਾਰਨ ਸਨਿੱਚਰਵਾਰ ਨੂੰ 28 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਵਾਇਰਸ ਤੋਂ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3070 ਹੋ ਗਈ ਹੈ। ਚੀਨ ਦੇ ਸਿਹਤ ਅਧਿਕਾਰੀਆਂ ਨੇ ਸਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਹੁਣ ਤੱਕ ਦੁਨੀਆ ਭਰ ਵਿੱਚ ਇਸ ਵਾਇਰਸ ਦੇ 1,02,242 ਲੋਕ ਪ੍ਰਭਾਵਤ ਹੋਏ ਹਨ, ਜਿਨ੍ਹਾਂ ਵਿੱਚੋਂ 80,651 ਕੇਸ ਚੀਨ ਵਿੱਚ ਸਾਹਮਣੇ ਆ ਚੁੱਕੇ ਹਨ। ਇਹ ਅੰਕੜਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। 57,642 ਲੋਕਾਂ ਦੇ ਵਾਇਰਸ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ ਇਲਾਜ ਕੀਤਾ ਗਿਆ ਹੈ।
ਲਗਭਗ 100 ਦੇਸ਼ ਲਪੇਟ 'ਚ :
ਪਿਛਲੇ ਸਾਲ ਦਸੰਬਰ ਵਿੱਚ ਚੀਨ ਤੋਂ ਫੈਲਣ ਵਾਲਾ ਇਹ ਵਾਇਰਸ 97 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਾ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸਨਿੱਚਰਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਦੇਸ਼ 'ਚ ਵਾਇਰਸ ਦੇ ਕੁੱਲ 99 ਨਵੇਂ ਕੇਸ ਸਾਹਮਣੇ ਆਏ ਅਤੇ 28 ਲੋਕਾਂ ਦੀ ਮੌਤ ਹੋ ਗਈ।
ਭਾਰਤ 'ਚ 33 ਮਰੀਜ਼ :
ਭਾਰਤ ਟਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 33 ਹੋ ਗਈ ਹੈ। ਦਿੱਲੀ-ਐਨਸੀਆਰ 'ਚ 18, ਆਗਰਾ ਵਿੱਚ 6, ਜੈਪੁਰ ਤੇ ਪੰਜਾਬ ਵਿੱਚ 2, ਕੇਰਲ ਵਿੱਚ 3, ਤੇਲੰਗਾਨਾ ਵਿੱਚ 1 ਅਤੇ ਛੱਤੀਸਗੜ੍ਹ ਵਿੱਚ 1 ਕੇਸ ਦਰਜ ਹਨ। ਕੇਰਲ ਦੇ ਤਿੰਨੋਂ ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।