ਕੋਰੋਨਾ ਵਾਇਰਸ ਕਾਰਨ ਅਮਰੀਕਾ 'ਚ ਦਹਿਸ਼ਤ ਦਾ ਮਾਹੌਲ ਹੈ। ਹਰ ਰੋਜ਼ ਕੋਰੋਨਾ ਵਾਇਰਸ ਲਾਗ ਦੇ ਸੈਂਕੜੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਨਿਊਯਾਰਕ ਵਿੱਚ ਹਾਲਾਤ ਬਹੁਤ ਮਾੜੇ ਹਨ। ਸ਼ਹਿਰ 'ਚ 30,000 ਤੋਂ ਵੱਧ ਮਰੀਜ਼ ਹਨ। ਮਰੀਜ਼ਾਂ ਦੀ ਗਿਣਤੀ ਹਰ ਤੀਜੇ ਦਿਨ ਦੁਗਣੀ ਹੋ ਰਹੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਸੈਂਕੜੇ ਲੋਕ ਇੱਥੇ ਮਰ ਸਕਦੇ ਹਨ। ਇਸ ਲਈ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਕਾਰਨ ਲਾਸ਼ ਨੂੰ ਵੱਖਰੀ ਥਾਂ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਟੈਂਟਾਂ ਅਤੇ ਟਰੱਕਾਂ 'ਚ ਮੁਰਦਾ ਘਰ :
ਨਿਊਜ਼ ਚੈਨਲ ਸੀਐਨਐਨ ਦੇ ਅਨੁਸਾਰ ਨਿਊਯਾਰਕ ਦੇ ਬਹੁਤ ਸਾਰੇ ਹਸਪਤਾਲਾਂ ਵਿੱਚ ਟੈਂਟ ਅਤੇ ਰੈਫ਼ਰੀਜ਼ਰੇਟਿਡ ਟਰੱਕਾਂ 'ਚ ਮੁਰਦਾ ਘਰ ਬਣਾਏ ਜਾ ਰਹੇ ਹਨ। ਉੱਥੇ ਦੇ ਮੁੱਖ ਮੈਡੀਕਲ ਅਫ਼ਸਰ ਨੇ ਕਿਹਾ ਕਿ ਸਥਿਤੀ ਬੇਕਾਬੂ ਹੋ ਰਹੀ ਹੈ। ਨਿਊਯਾਰਕ ਵਿੱਚ ਐਮਰਜੈਂਸੀ ਦੀ ਘੋਸ਼ਣਾ ਪਹਿਲਾਂ ਹੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਦੇ ਅਸਥਾਈ ਮੁਰਦਾ ਘਰ 9/11 ਦੇ ਹਮਲੇ ਤੋਂ ਬਾਅਦ ਵੀ ਤਿਆਰ ਕੀਤੇ ਗਏ ਸਨ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਨਾਲ ਮੌਤ ਤੋਂ ਬਾਅਦ ਲਾਸ਼ਾਂ ਨੂੰ ਮੁਰਦਾ ਘਰਾਂ 'ਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਲਾਗ ਹੋਰ ਨਾ ਫੈਲੇ। ਭਾਰਤ 'ਚ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਕੀਤਾ ਜਾ ਰਿਹਾ ਹੈ। ਭਾਰਤ 'ਚ ਲਾਸ਼ਾਂ ਨੂੰ ਦਫ਼ਨਾਉਣ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।
ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਨਿਊਯਾਰਕ ਤੋਂ ਇਲਾਵਾ ਉੱਤਰੀ ਕੈਰੋਲਿਨਾ ਵਿੱਚ ਵੀ ਟੈਂਟ ਅਤੇ ਰੈਫ਼ਰੀਜ਼ਰੇਟਿਡ ਟਰੱਕ ਤਿਆਰ ਕੀਤੇ ਜਾ ਰਹੇ ਹਨ।
ਅਮਰੀਕਾ 'ਚ ਕੋਰੋਨਾ ਵਾਇਰਸ ਦੇ ਅੱਜ ਵੀਰਵਾਰ ਤਕ ਕੁਲ 68,489 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 1032 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1455 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਹਾਲੇ ਤਕ ਅਮਰੀਕਾ 'ਚ ਸਿਰਫ਼ 394 ਲੋਕ ਹੀ ਕੋਰੋਨਾ ਵਾਇਰਸ ਤੋਂ ਠੀਕ ਹੋ ਸਕੇ ਹਨ।
ਕਿਹਾ ਜਾ ਰਿਹਾ ਹੈ ਕਿ ਨਿਊਯਾਰਕ ਵਿੱਚ ਆਉਣ ਵਾਲੇ ਦਿਨਾਂ 'ਚ ਵੈਂਟੀਲੇਟਰਾਂ ਦੀ ਘਾਟ ਹੋ ਸਕਦੀ ਹੈ। ਅਮਰੀਕਾ 'ਚ 20 ਫ਼ੀਸਦੀ ਤੋਂ ਵੱਧ ਮਰੀਜ਼ ਆਈਸੀਯੂ 'ਚ ਦਾਖਲ ਹਨ ਅਤੇ ਇਸ ਵਿੱਚੋਂ 80 ਫ਼ੀਸਦੀ ਮਰੀਜ਼ਾਂ ਨੂੰ ਵੈਂਟੀਲੇਟਰਾਂ ਦੀ ਜ਼ਰੂਰਤ ਹੈ।
ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਵੱਲੋਂ ਇਹ ਕਿਹਾ ਗਿਆ ਹੈ ਕਿ ਅਮਰੀਕਾ ਪੂਰੀ ਦੁਨੀਆ ਲਈ ਕੋਰੋਨਾ ਵਾਇਰਸ ਦਾ ਨਵਾਂ ਕੇਂਦਰ ਬਣ ਗਿਆ ਹੈ। ਚੀਨ ਦੇ ਵੁਹਾਨ ਤੋਂ ਬਾਅਦ ਇਸ ਸ਼ਹਿਰ ਵਿੱਚ ਸਭ ਤੋਂ ਵੱਧ ਮੌਤਾਂ ਹੋ ਸਕਦੀਆਂ ਹਨ। ਨਿਊਯਾਰਕ ਦੀ ਆਬਾਦੀ ਲਗਭਗ 80 ਲੱਖ ਹੈ। ਪਿਛਲੇ ਦਿਨੀਂ ਇੱਥੇ ਕੋਰੋਨਾ ਕਾਰਨ ਇੱਕੋ ਦਿਨ 'ਚ 150 ਤੋਂ ਵੱਧ ਮੌਤਾਂ ਹੋਈਆਂ ਸਨ।