ਸੰਯੁਕਤ ਰਾਜ ਅਮਰੀਕਾ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਦੁਨੀਆ ਦਾ ਸਭ ਤੋਂ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਅਮਰੀਕਾ 'ਚ ਸਨਿੱਚਰਵਾਰ ਨੂੰ ਮੌਤਾਂ ਦਾ ਅੰਕੜਾ 20 ਹਜ਼ਾਰ ਤੋਂ ਵੱਧ ਹੋਣ ਨਾਲ ਇਟਲੀ ਨੂੰ ਪਛਾੜ ਕੇ ਸੱਭ ਤੋਂ ਵੱਧ ਮੌਤਾਂ ਵਾਲਾ ਦੇਸ਼ ਬਣ ਗਿਆ ਹੈ। ਯੂਰਪੀ ਦੇਸ਼ ਇਟਲੀ 'ਚ ਹੁਣ ਤੱਕ ਕੁੱਲ 19,468 ਮੌਤਾਂ ਹੋ ਚੁੱਕੀਆਂ ਹਨ।
ਅਮਰੀਕਾ 'ਚ ਹੁਣ ਤਕ ਕੋਰੋਨਾ ਵਾਇਰਸ ਦੇ 5,32,879 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ 20,577 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 30,453 ਲੋਕ ਠੀਕ ਹੋ ਚੁੱਕੇ ਹਨ। ਇਟਲੀ 'ਚ ਕੁਲ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 1,52,271 ਹੈ। ਇਨ੍ਹਾਂ 'ਚੋਂ 19,468 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 32,534 ਲੋਕ ਠੀਕ ਹੋਏ ਹਨ।
ਕੋਵਿਡ-19 ਕਾਰਨ ਅਮਰੀਕੀ ਅਰਥਚਾਰਾ ਕੁਝ ਹੀ ਹਫ਼ਤੇ 'ਚ ਰੁੱਕ ਜਿਹਾ ਗਿਆ ਹੈ। ਰਾਸ਼ਟਰੀ ਐਮਰਜੈਂਸੀ ਦੇ ਮੱਦੇਨਜ਼ਰ 95 ਫ਼ੀਸਦੀ ਤੋਂ ਵੱਧ ਆਬਾਦੀ ਘਰਾਂ 'ਚ ਕੈਦ ਹੈ ਅਤੇ ਲਗਭਗ 1.60 ਕਰੋੜ ਲੋਕ ਆਪਣੀ ਨੌਕਰੀਆਂ ਗੁਆ ਚੁੱਕੇ ਹਨ।
ਨਿਊਯਾਰਕ ਸ਼ਹਿਰ 'ਚ ਮਰਨ ਵਾਲਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਪ੍ਰਸ਼ਾਸਨ ਮੁਰਦਾ ਘਰਾਂ 'ਚ ਜਗ੍ਹਾ ਖਾਲੀ ਕਰਨ ਲਈ ਤੇਜ਼ੀ ਨਾਲ ਲਾਸ਼ਾਂ ਨੂੰ ਦਫ਼ਨਾ ਰਿਹਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਨਿਊਯਾਰਕ ਵਿੱਚ ਲਾਵਾਰਿਸ ਲਾਸ਼ਾਂ ਨੂੰ ਦ਼ਫਨਾਉਣ ਦੀ ਬਜਾਏ ਹਾਰਟ ਆਈਲੈਂਡ ਵਿੱਚ ਪਹਿਲਾਂ ਹਫ਼ਤੇ ਵਿੱਚ ਇੱਕ ਵਾਰ ਲਾਵਾਰਿਸ ਲਾਸ਼ਾਂ ਨੂੰ ਦਫ਼ਨਾਇਆ ਜਾਂਦਾ ਸੀ, ਪਰ ਹੁਣ ਲਾਸ਼ਾਂ ਹਫ਼ਤੇ 'ਚ ਪੰਜ ਦਿਨ ਦਫ਼ਨ ਕੀਤੀਆਂ ਜਾ ਰਹੀਆਂ ਹਨ। ਰੋਜ਼ਾਨਾ ਲਗਭਗ 25 ਲਾਸ਼ਾਂ ਨੂੰ ਦਫ਼ਨਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਤੋਂ ਪਹਿਲਾਂ ਲਾਵਾਰਿਸ ਲਾਸ਼ਾਂ ਨੂੰ 30 ਤੋਂ 60 ਦਿਨ ਤਕ ਸ਼ਹਿਰ ਦੇ ਮੁਰਦਾ ਘਰਾਂ 'ਚ ਰੱਖਿਆ ਜਾਂਦਾ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਟਾਪੂ 'ਚ ਦਫ਼ਨਾਇਆ ਜਾਂਦਾ ਹੈ।
ਅਮਰੀਕਾ ਦੀ ਵਿਸ਼ਵ ਹਿੰਦੂ ਕੌਂਸਲ ਦੇ ਵਾਲੰਟੀਅਰ ਬੋਸਟਨ ਵਿੱਚ ਲਾਵੇਲ ਜਨਰਲ ਹਸਪਤਾਲ ਅਤੇ ਐਮਰਜੈਂਸੀ ਮੁਲਾਜ਼ਮਾਂ ਨੂੰ ਮੁਫ਼ਤ ਭੋਜਨ ਦੀ ਸਪਲਾਈ ਕਰ ਰਹੇ ਹਨ। ਉਨ੍ਹਾਂ ਨੇ ਨਿਊਜਰਸੀ ਵਿੱਚ ਪੁਲਿਸ, ਫਾਇਰਮੈਨ ਅਤੇ ਐਮਰਜੈਂਸੀ ਕਰਮਚਾਰੀਆਂ ਨੂੰ 85 ਹਜ਼ਾਰ ਦਸਤਾਨੇ ਵੀ ਦਿੱਤੇ।
ਅਮਰੀਕਾ ਦੇ ਪ੍ਰਮੁੱਖ ਸੂਬਿਆਂ ਅਤੇ ਸ਼ਹਿਰਾਂ 'ਚ ਹਜ਼ਾਰਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈਣ ਤੋਂ ਬਾਅਦ ਮਹਾਂਮਾਰੀ ਮਹਾਂਮਾਰੀ ਵਾਇਰਸ ਨੇ ਦੇਸ਼ ਦੇ ਮੀਟ ਬਾਜ਼ਾਰਾਂ ਵਿੱਚ ਦਸਤਕ ਦੇ ਦਿੱਤੀ ਹੈ। ਪਿਛਲੇ ਇੱਕ ਹਫ਼ਤੇ 'ਚ ਬੁੱਚੜਖਾਨਿਆਂ ਤੋਂ ਸੈਂਕੜੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।
ਕੋਵਿਡ-19 ਕਾਰਨ 40 ਤੋਂ ਵੱਧ ਭਾਰਤੀ-ਅਮਰੀਕੀਆਂ ਅਤੇ ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤੀ ਮੂਲ ਦੇ 1500 ਤੋਂ ਵੱਧ ਲੋਕ ਲਾਗ ਦੀ ਲਪੇਟ 'ਚ ਆਏ ਹਨ। ਕਮਿਊਨਿਟੀ ਲੀਡਰਾਂ ਦਾ ਅੰਦਾਜ਼ਾ ਹੈ ਕਿ ਨਿਊਜਰਸੀ ਵਿੱਚ 400 ਤੋਂ ਵੱਧ ਭਾਰਤੀ-ਅਮਰੀਕੀ ਅਤੇ ਨਿਊਯਾਰਕ 'ਚ 1000 ਤੋਂ ਵੱਧ ਲੋਕ ਪਾਜ਼ੀਟਿਵ ਪਾਏ ਗਏ ਹਨ।