ਇਟਲੀ ’ਚ ਸੋਮਵਾਰ ਨੂੰ ਕੋਰੋਨਾ ਵਾਇਰਸ ਕਾਰਨ 349 ਵਿਅਕਤੀਆਂ ਦੀ ਮੌਤ ਹੋ ਗਈ। ਇੰਝ ਇਟਲੀ ’ਚ ਇਸ ਵਾਇਰਸ ਦੀ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,158 ਹੋ ਗਈ ਹੈ। ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ ਦਿੱਤੀ। ਉਸ ਨੇ ਦੱਸਿਆ ਕਿ ਇਸ ਵੇਲੇ ਦੇਸ਼ ’ਚ ਕੁੱਲ 27,980 ਵਿਅਕਤੀ ਕੋਰੋਨਾ ਵਾਇਰਸ ਦੀ ਛੂਤ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਤੇ ਵੱਖੋ–ਵੱਖਰੇ ਹਸਪਤਾਲਾਂ ’ਚ ਜ਼ੇਰੇ–ਇਲਾਜ ਹਨ।
ਅਧਿਕਾਰਤ ਅੰਕੜਿਆਂ ਮੁਤਾਬਕ ਕੋਵਿਡ–19 ਭਾਵ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਨੂੰ ਦਰਜ ਹੋਈਆਂ ਮੌਤਾਂ ਦੀ ਗਿਣਤੀ ਤੋਂ ਦੁੱਗਣੇ ਤੋਂ ਵੀ ਵੱਧ ਹੋ ਗਈ ਹੈ। ਪਿਛਲੇ ਦੋ ਦਿਨਾਂ ਦੌਰਾਨ ਦੇਸ਼ ’ਚ 700 ਤੋਂ ਵੀ ਵੱਧ ਵਿਅਕਤੀ ਇਸ ਵਾਇਰਸ ਕਰਕੇ ਮਾਰੇ ਗਏ ਹਨ।
ਇਟਲੀ ਦੇ ਇਕੱਲੇ ਲੌਂਬਾਰਡੀ ਖੇਤਰ ’ਚ 1,420 ਵਿਅਕਤੀ ਮਾਰੇ ਗਏ ਹਨ। ਇਹ ਇਟਲੀ ’ਚ ਹੁਣ ਤੱਕ ਹੋਈਆਂ ਮੌਤਾਂ ਦਾ 66 ਫ਼ੀ ਸਦੀ ਹੈ।
ਕੋਰੋਨਾ ਵਾਇਰਸ ਕਾਰਨ ਇਟਲੀ ’ਚ ਮੌਤਾਂ ਦਿੀ ਗਿਣਤੀ ਵਧਣ ਕਾਰਨ ਵਿਸ਼ਵ ਪੱਧਰ ’ਤੇ ਵਾਇਰਸ ਦੇ ਕੀਟਾਣੂਕਾਰਨ ਹੋਈਆਂ ਮੌਤਾਂ ਦਾ ਅੰਕੜਾ 7,007 ਹੋ ਗਿਆ ਹੈ। ਅਧਿਕਾਰਤ ਸੂਤਰਾਂ ਨੇ ਇਹ ਅੰਕੜਾ ਏਐੱਫ਼ਪੀ ਦੇ ਹਵਾਲੇ ਨਾਲ ਦਿੱਤਾ ਹੈ। ਇਸ ਵੇਲੇ ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਨਾਲ ਜੂਝਣ ਵਾਲਿਆਂ ਦੀ ਗਿਣਤੀ 1,75,536 ਹੋ ਗਈ ਹੈ।
ਉੱਧਰ ਇਟਲੀ ਤੋਂ ਬਾਅਦ ਸਪੇਨ ਯੂਰੋਪ ਦਾ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਸਪੇਨ ’ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਇੱਕ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ। ਬਹਿਰੀਨ ’ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋ ਗਈ ਹੈ।
ਉਂਝ ਸਪੇਨ ’ਚ ਕੁੱਲ 8,744 ਵਿਅਕਤੀ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ।