ਇੱਕ ਪੰਜਾਬਣ ਦਮਨਪ੍ਰੀਤ ਕੌਰ ਨੇ ਨਿਊ ਜ਼ੀਲੈਂਡ ਦਾ ਵਰਕ ਵੀਜ਼ਾ ਲੈਣ ਲਈ ਇੱਕ ਤਾਂ 33,000 ਹਜ਼ਾਰ ਡਾਲਰ (ਲਗਭਗ 16 ਲੱਖ ਭਾਰਤੀ ਰੁਪਏ) ਗੁਆ ਲਏ ਤੇ ਹੁਣ ਉਨ੍ਹਾਂ ਨੂੰ ਦੇਸ਼ `ਚੋਂ ਡੀਪੋਰਟ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਰਕਮ ਵਰਕ ਵੀਜ਼ਾ ਲਗਵਾਉਣ ਲਈ ਅਦਾ ਕੀਤੀ ਸੀ। ਉਨ੍ਹਾਂ ‘ਰੇਡੀਓ ਨਿਊ ਜ਼ੀਲੈਂਡ` ਨੂੰ ਦੱਸਿਆ ਕਿ ਉਨ੍ਹਾਂ ਨੇ ਤੌਰਾਂਗਾ ਦੇ ਦੋ ਵਿਅਕਤੀਆਂ ਨੂੰ ਨਿਊ ਜ਼ੀਲੈਂਡ ਦੇ 18 ਹਜ਼ਾਰ ਡਾਲਰ ਵੱਖਰੇ ਦਿੱਤੇ ਸਨ ਤੇ ਇਸੇ ਕੰਮ ਲਈ ਉਨ੍ਹਾਂ ਹੈਮਿਲਟਨ ਦੇ ਇੱਕ ਵਿਅਕਤੀ ਨੂੰ 15,000 ਡਾਲਰ ਹੋਰ ਦਿੱਤੇ ਸਨ।
ਦੋਵੇਂ ਮਾਮਲਿਆਂ `ਚ, ਉਨ੍ਹਾਂ ਨੂੰ ਦੋ ਸਾਲਾਂ ਦਾ ਵਰਕ-ਵੀਜ਼ਾ ਮਿਲਿਆ, ਜਿਸ ਨਾਲ ਉਹ ਸਿਰਫ਼ ਉਸੇ ਕੰਪਨੀ `ਚ ਨੌਕਰੀ ਕਰ ਸਕਦੇ ਸਨ, ਜਿਸ ਦਾ ਨਾਂਅ ਵੀਜ਼ਾ `ਤੇ ਲਿਖਿਆ ਹੋਇਆ ਸੀ ਪਰ ਉੱਥੇ ਉਨ੍ਹਾਂ ਨੂੰ ਕੋਈ ਨੌਕਰੀ ਨਾ ਮਿਲੀ।
ਹੁਣ ਦਮਨਪ੍ਰੀਤ ਕੌਰ ਉਨ੍ਹਾਂ ਠੱਗਾਂ ਦੀ ਭਾਲ `ਚ ਹਨ। ਉਨ੍ਹਾਂ ਤਿੰਨਾਂ ਦੇ ਵੇਰਵੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਨੋਟ ਕਰ ਲਏ ਹਨ। ਉਨ੍ਹਾਂ ਨੂੰ ਆਸ ਹੈ ਕਿ ਸ਼ਾਇਦ ਉਨ੍ਹਾਂ ਨੂੰ ਨਿਊ ਜ਼ੀਲੈਂਡ `ਚ ਰਹਿਣ ਦੀ ਪ੍ਰਵਾਨਗੀ ਮਿਲ ਜਾਵੇ।
ਦਮਨਪ੍ਰੀਤ ਕੌਰ ਦੇ ਇਮੀਗ੍ਰੇਸ਼ਨ ਸਲਾਹਕਾਰ ਤੁਆਰਿਕੀ ਡੇਲਾਮੀਅਰ ਨੇ ਨਿਊ ਜ਼ੀਲੈਂਡ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਠੱਗਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ।
ਹੁਣ ਖ਼ੁਦ ਦਮਨਪ੍ਰੀਤ ਕੌਰ ਹੁਰਾਂ ਨੇ ਵੀ ਐਸੋਸੀਏਟ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਨੂੰ ਆਪਣੇ ਨਾਲ ਹੋਈ ਠੱਗੀ ਦੇ ਸਾਰੇ ਵੇਰਵੇ ਭੇਜ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਉਹ ਸਿਰਫ਼ ਭਾਰਤ `ਚ ਰਹਿੰਦੇ ਆਪਣੇ ਪਰਿਵਾਰ ਤੋਂ ਮੰਗਵਾਏ ਧਨ ਕਾਰਨ ਨਿਊ ਜ਼ੀਲੈਂਡ `ਚ ਬਚ ਗਏ। ਉਨ੍ਹਾਂ ਹੁਣ ਇਮੀਗ੍ਰੇਸ਼ਨ ਵਿਭਾਗ ਨੂੰ ਇੱਕ ਮੌਕਾ ਦੇਣ ਲਈ ਕਿਹਾ ਹੈ ਕਿਉਂਕਿ ਭਾਰਤ `ਚ ਹੁਣ ਉਨ੍ਹਾਂ ਦੇ ਮਾਪੇ ਉਨ੍ਹਾਂ ਦੀ ਹੋਰ ਮਦਦ ਕਰਨ ਲਈ ਤਿਆਰ ਨਹੀਂ ਹਨ।