ਚੀਨ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਕਾਰਨ ਮ੍ਰਿਤਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਚੀਨ 'ਚ ਇਸ ਵਾਇਰਸ ਕਾਰਨ ਹੁਣ ਤਕ 1665 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਬੀਮਾਰੀ ਦੀ ਲਪੇਟ ’ਚ ਹੁਣ ਤੱਕ 68,500 ਵਿਅਕਤੀ ਆ ਚੁੱਕੇ ਹਨ ਅਤੇ ਉਹ ਸਾਰੇ ਜ਼ੇਰੇ ਇਲਾਜ ਹਨ। ਉਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਚੀਨ ਦੇ ਕੌਮੀ ਸਿਹਤ ਕਮਿਸ਼ਨ ਨੇ ਦੇਸ਼ 'ਚ 2009 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।
ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਵਿੱਚ 1843 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿੱਥੋਂ ਦਸੰਬਰ 'ਚ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ। ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਹੁਬੇਈ ਵਿੱਚ ਕੁੱਲ 56,249 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿੰਹੁਆ ਦੀ ਖਬਰ ਅਨੁਸਾਰ ਸਨਿੱਚਰਵਾਰ ਨੂੰ ਮਰਨ ਵਾਲੇ 142 ਲੋਕਾਂ ਵਿੱਚੋਂ 139 ਹੁਬੇਈ 'ਚ, ਜਦਕਿ ਸਿਚੁਆਨ 'ਚ 2 ਅਤੇ ਹੁਨਾਨ 'ਚ ਇੱਕ ਵਿਅਕਤੀ ਦੀ ਮੌਤ ਹੋਈ ਹੈ।
ਚੀਨ ਦੇ ਇੱਕ ਸੀਨੀਅਰ ਸਿਹਤ ਅਧਿਕਾਰੀ ਨੇ ਦੱਸਿਆ ਕਿ ਨਵੇਂ ਮਾਮਲਿਆਂ ਦੀ ਗਿਣਤੀ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਹੁਣ ਤਕ ਕੁਲ 9419 ਪੀੜਤ ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਕੋਰੋਨਾ ਵਾਇਰਸ ਸਿਹਤ ਵਿਭਾਗ ਦੇ ਮੁਲਾਜ਼ਮਾਂ 'ਤੇ ਵੀ ਗੰਭੀਰ ਪ੍ਰਭਾਵ ਪਾ ਰਿਹਾ ਹੈ। ਹੁਣ ਤੱਕ 1700 ਤੋਂ ਵੱਧ ਚੀਨੀ ਸਿਹਤ ਵਿਭਾਗ ਦੇ ਮੁਲਾਜ਼ਮ ਇਸ ਦਾ ਸ਼ਿਕਾਰ ਹੋ ਚੁੱਕੇ ਹਨ। ਚੀਨ ਦੇ ਵੁਹਾਨ ’ਚ ਨਵੇਂ ਬਣਾਏ ਹਸਪਤਾਲ ’ਚ ਦਾਖ਼ਲ ਕੋਰੋਨਾ ਵਾਇਰਸ ਨਿਮੋਨੀਆ ਦੇ ਮਰੀਜ਼ਾਂ ਦੀ ਗਿਣਤੀ 1300 ਤੱਕ ਪੁੱਜ ਗਈ ਹੈ। ਕੋਰੋਨਾ ਵਾਇਰਸ ਦਾ ਕਹਿਰ ਸ਼ੁਰੂ ਹੋਣ ਤੋਂ ਬਾਅਦ ਚੀਨ ਨੇ ਬਹੁਤ ਘੱਟ ਦਿਨਾਂ ਅੰਦਰ ਇਸ ਹਸਪਤਾਲ ਦੀ ਉਸਾਰੀ ਕਰਵਾਈ ਸੀ।