ਭਾਰਤੀ ਮੂਲ ਦੇ ਸੰਸਦ ਮੈਂਬਰ ਕਮਲਾ ਹੈਰਿਸ, ਪ੍ਰਮਿਲਾ ਜੈਪਾਲ, ਰਾਜਾ ਕ੍ਰਿਸ਼ਨਾਮੂਰਤੀ, ਰੋਅ ਖੰਨਾ ਤੇ ਅਮੀ ਬੇਰਾ ਸਮੇਤ ਸੀਨੀਅਰ ਅਮਰੀਕੀ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਦੀਵਾਲੀ ਮਨਾ ਕੇ ਜੀਵਨ ਵਿੱਚ ਹਾਂ–ਪੱਖੀ ਹੋਣ ਦਾ ਸੁਨੇਹਾ ਦਿੱਤਾ। ਭਾਰਤ ’ਚ ਦੀਵਾਲੀ ਐਤਵਾਰ ਨੂੰ ਮਨਾਈ ਜਾਣੀ ਹੈ।
ਸ੍ਰੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਵ੍ਹਾਈਟ–ਹਾਊਸ ਸਥਿਤ ਆਪਣੇ ਓਵਲ ਦਫ਼ਤਰ ’ਚ ਭਾਰਤੀ–ਅਮਰੀਕਨਾਂ ਦੇ ਇੱਕ ਨਿੱਕੇ ਜਿਹੇ ਗਰੁੱਪ ਨਾਲ ਮਿਲ ਕੇ ਦੀਵਾਲ਼ੀ ਮਨਾਈ।
ਭਾਰਤੀ–ਅਮਰੀਕੀ ਮਹਿਲਾ ਸੰਸਦ ਮੈਂਬਰ ਕਮਲਾ ਹੈਰਿਸ ਨੇ ਕਿਹਾ ਕਿ ਰੌਸ਼ਨੀਆਂ ਦਾ ਇਹ ਤਿਉਹਾਰ ਸਾਨੂੰ ਆਪਣੇ ਲੋਕਾਂ ਨੂੰ ਹਨੇਰੇ ਤੋਂ ਉਤਾਂਹ ਚੁੱਕਣ, ਨਿਰਾਸ਼ਾ ਦੀ ਥਾਂ ਇੱਕ ਆਸ ਨਾਲ ਜਿਊਣ ਅਤੇ ਸਹੀ ਨਾਲ ਖਲੋਣ ਲਈ ਪ੍ਰੇਰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਤਿਉਹਾਰ ਮਨਾ ਰਹੇ ਸਾਰੇ ਲੋਕਾਂ ਨੂੰ ਅਜਿਹੀ ਖ਼ੁਸ਼ੀ ਦੇ ਮੌਕੇ ’ਤੇ ਆਪਣੇ ਮਿੱਤਰ–ਪਿਆਰਿਆਂ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲੇ।
ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਇਹ ਤਿਉਹਾਰ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਭਾਰਤੀ ਮੂਲ ਦੇ ਕਾਨੂੰਨੀ ਮਾਹਿਰ ਪ੍ਰਮਿਲਾ ਜੈਪਾਲ ਨੇ ਕਿਹਾ ਕਿ ਦੀਵਾਲੀ ਸਾਨੂੰ ਚੇਤੇ ਕਰਵਾਉਂਦੀ ਹੈ ਕਿ ਸਮਾਜ ਵਿੱਚ ਧਰਮ, ਚੰਗਿਆਈ, ਫ਼ਰਜ਼ ਤੇ ਧਾਰਮਿਕਤਾ ਸਦਾ ਬਣੀ ਰਹੇਗੀ। ਅਸੀਂ ਰੌਸ਼ਨੀਆਂ ਦਾ ਇਹ ਤਿਉਹਾਰ ਮਨਾਉਂਦੇ ਹੋਏ ਸੰਕਲਪ ਲੈਂਦੇ ਹਾਂ ਕਿ ਅਸੀਂ ਆਪਣੇ ਕੰਮ ਤੇ ਸਮਾਜ ਵਿੱਚ ਆਸ ਤੇ ਪ੍ਰਕਾਸ਼ ਲਿਆਉਣ ਦਾ ਜਤਨ ਕਰਾਂਗੇ।
MP ਜੂਡੀ ਚੂ ਨੇ ਕਿਹਾ ਕਿ ਦੀਵਾਲੀ ਹਨੇਰੇ ਉੱਤੇ ਰੌਸ਼ਨੀ, ਅਗਿਆਨਤਾ ਉੱਤੇ ਗਿਆਨ ਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ਹੈ। ਸਾਰੇ ਅਮਰੀਕਨਾਂ ਨੂੰ ਕੋਈ ਪਿਛੋਕੜ ਜਾਂ ਧਰਮ ਦੀ ਪਰਵਾਹ ਕੀਤੇ ਬਗ਼ੈਰ ਸੁਹਿਰਦਤਾ ਨਾਲ ਦੀਵਾਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ।
ਤਿਉਹਾਰ ਮਨਾਉਣ ਵਾਲੇ ਹੋਰ ਵਿਧਾਇਕਾਂ ’ਚ ਟੈੱਡ ਲਿਯੂ, ਐਂਡੀ ਕਿਮ, ਜੈਕੀ ਰੌਸੇਨ, ਟੀਜੇ ਕਾੱਕਸ, ਸਕਾੱਟ ਪੀਟਰਜ਼, ਕੇਟੀ ੀਪੋਰਟਰ ਤੇ ਲਿੰਡਾ ਸਾਂਚੇਜ਼ ਸ਼ਾਮਲ ਰਹੇ।