ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਲਕੇ 24 ਫਰਵਰੀ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਪਰ ਇਸ ਤੋਂ ਪਹਿਲਾਂ ਉਨ੍ਹਾਂ ਦਾ ਬਾਹੂਬਲੀ ਅਵਤਾਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਦਰਅਸਲ ਇਸ ਮੀਮ ਵੀਡੀਓ 'ਚ ਬਾਹੂਬਲੀ ਫ਼ਿਲਮ ਦੀ ਕਲਿੱਪ ਨੂੰ ਐਡਿਟ ਕਰਕੇ ਟਰੰਪ ਨੂੰ ਬਾਹੂਬਲੀ ਵਜੋਂ ਵਿਖਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਟਰੰਪ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇਸ ਵਾਇਰਲ ਮੀਮ ਨੂੰ ਰੀਟਵੀਟ ਕੀਤਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਡੀਓ ਨੂੰ ਰੀਟਵੀਟ ਕਰਦਿਆਂ ਲਿਖਿਆ, "ਮੈਂ ਭਾਰਤ 'ਚ ਆਪਣੇ ਮਹਾਨ ਦੋਸਤਾਂ ਨੂੰ ਮਿਲਣ ਲਈ ਕਾਫੀ ਉਤਸਾਹਿਤ ਹਾਂ।"
Look so forward to being with my great friends in INDIA! https://t.co/1jdk3AW6fG
— Donald J. Trump (@realDonaldTrump) February 22, 2020
Silmemes1 ਟਵਿੱਟਰ ਹੈਂਡਲ ਨੇ 1 ਮਿੰਟ 21 ਸਕਿੰਟ ਦੀ ਵੀਡੀਓ ਪੋਸਟ ਕੀਤੀ ਹੈ। ਇਹ ਵੀਡੀਓ 'ਚ ਐਨੀਮੇਟਿਡ ਕਿਰਦਾਰਾਂ ਨਾਲ ਭਾਰਤ ਅਤੇ ਅਮਰੀਕਾ ਦੀ ਦੋਸਤੀ ਨੂੰ ਵਿਖਾਇਆ ਗਿਆ ਹੈ। ਇਸ ਕਲਿੱਪ 'ਚ ਇਵਾਂਕਾ ਟਰੰਪ, ਮੇਲਾਨੀਆ ਟਰੰਪ ਅਤੇ ਟਰੰਪ ਜੂਨੀਅਰ ਨੂੰ ਵੀ ਵਿਖਾਇਆ ਗਿਆ ਹੈ। ਇਸ ਤੋਂ ਇਲਾਵਾ ਵੀਡੀਓ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਤਨੀ ਜਸ਼ੋਦਾਬੇਨ ਨੂੰ ਵੀ ਵੇਖਿਆ ਜਾ ਸਕਦਾ ਹੈ।
ਅਮਰੀਕੀ ਰਾਸ਼ਟਰਪਤੀ ਸੋਮਵਾਰ 24 ਫ਼ਰਵਰੀ ਦੁਪਹਿਰ ਤੱਕ ਗੁਜਰਾਤ ਦੇ ਅਹਿਮਦਾਬਾਦ ਪਹੁੰਚਣਗੇ। ਇਸ ਸਮੇਂ ਦੌਰਾਨ ਉਹ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ 'ਚ ਹੋਣ ਵਾਲੇ ‘ਨਮਸਤੇ ਟਰੰਪ’ ਪ੍ਰੋਗਰਾਮ ਵਿੱਚ 1 ਲੱਖ ਲੋਕਾਂ ਨੂੰ ‘ਹਾਉਡੀ ਮੋਦੀ’ ਪ੍ਰੋਗਰਾਮ ਦੀ ਤਰਜ਼ 'ਤੇ ਸੰਬੋਧਨ ਕਰਨਗੇ। ਦੱਸ ਦੇਈਏ ਕਿ ਪਿਛਲੇ ਸਾਲ ਸਤੰਬਰ 'ਚ ‘ਹਾਉਡੀ ਮੋਦੀ’ ਪ੍ਰੋਗਰਾਮ ਨੂੰ ਅਮਰੀਕੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਊਸਟਨ ਵਿੱਚ ਇਕੱਠੇ ਸੰਬੋਧਨ ਕੀਤਾ ਸੀ।
ਮੰਗਲਵਾਰ 25 ਫ਼ਰਵਰੀ ਸਵੇਰੇ ਅਮਰੀਕੀ ਰਾਸ਼ਟਰਪਤੀ ਦਾ ਪ੍ਰੋਟੋਕੋਲ ਅਨੁਸਾਰ ਰਾਸ਼ਟਰਪਤੀ ਭਵਨ ਵਿੱਚ ਰਸਮੀ ਸਵਾਗਤ ਹੋਵੇਗਾ। ਮੰਗਲਵਾਰ ਨੂੰ ਟਰੰਪ ਨਵੀਂ ਦਿੱਲੀ ਵਿੱਚ ਅਮਰੀਕੀ ਦੂਤਾਵਾਸ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਰਤੀ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਬੈਠਕ 'ਚ ਜਿਨ੍ਹਾਂ ਕੰਪਨੀਆਂ ਦੇ ਨੁਮਾਇੰਦਗੀ ਕੀਤੇ ਜਾਣ ਦੀ ਉਮੀਦ ਹੈ, ਉਨ੍ਹਾਂ 'ਚ ਭਾਰਤੀ ਤੇਲ ਅਤੇ ਗੈਸ ਕੰਪਨੀ ਰਿਲਾਇੰਸ ਇੰਡਸਟਰੀਜ਼, ਟਾਟਾ ਸੰਨਜ਼, ਭਾਰਤ ਫੋਰਜ਼, ਮਹਿੰਦਰਾ ਅਤੇ ਮਹਿੰਦਰਾ ਸ਼ਾਮਲ ਹਨ।