ਸਾਊਦੀ ਅਰਬ `ਚ ਲਾਪਤਾ ਪੱਤਰਕਾਰ ਜਮਾਲ ਖਸ਼ੋਗੀ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਮਰ ਚੁੱਕੇ ਹਨ। ਉਨ੍ਹਾਂ ਇਸ `ਚ ਸਾਊਦੀ ਅਰਬ ਦਾ ਹੱਥ ਹੋਣ `ਤੇ ਬੇਹੱਦ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਿੱਤੀ। ਟਰੰਪ ਦਾ ਇਹ ਬਿਆਨ ਸਾਊਦੀ ਅਰਬ ਅਤੇ ਤੁਰਕੀ ਦੇ ਦੌਰੇ ਤੋਂ ਵਾਪਸ ਆਏ ਵਿਦੇਸ਼ ਮੰਤਰੀ ਮਾਈਕ ਵੱਲੋਂ ਜਾਂਚ ਦੀ ਜਾਣਕਾਰੀ ਦਿੱਤੇ ਜਾਣ ਬਾਅਦ ਆਇਆ ਹੈ।
ਇਸ ਮਹੀਨੇ ਦੇ ਸ਼ੁਰੂ `ਚ ਤੁਰਕੀ ਦੀ ਰਾਜਧਾਨੀ ਇਸਤਨਬੁਲ ਸਥਿਤ ਸਾਊਦੀ ਅਰਬ ਦੇ ਦੂਤਾਵਾਸ `ਚ ਪ੍ਰਵੇਸ਼ ਕਰਨ ਦੇ ਬਾਅਦ ਲਾਪਤਾ ਹੋਏ ਖਸ਼ੋਗੀ ਦੇ ਸਬੰਧੀ ਸ਼ੱਕ ਹੈ ਕਿ ਦੂਤਾਵਾਸ ਦੇ ਵਿਚ ਹੀ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਦੇ ਬਾਅਦ ਵਿਸ਼ਵ ਭਰ `ਚ ਅਤੇ ਉਸ ਤੋਂ ਵੀ ਜਿ਼ਆਦਾ ਅਮਰੀਕਾ `ਚ ਰੋਸ਼ ਹੈ। ਖਸ਼ੋਗੀ ਅਮਰੀਕਾ ਦੇ ਸਥਾਈ ਵਾਸੀ ਸਨ ਅਤੇ ਵਾਸਿ਼ੰਗਟਨ ਪੋਸਟ ਅਖ਼ਬਾਰ ਲਈ ਕੰਮ ਕਰ ਰਹੇ ਸਨ।
ਇਕ ਮੁਹਿੰਮ ਰੈਲੀ ਲਈ ਮੋਟਾਨਾ ਰਵਾਨਾ ਹੋਣ ਦੌਰਾਨ ਉਨ੍ਹਾਂ ਜੁਆਇੰਟ ਫੋਰਸ ਬੇਸ `ਚ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਨਿਸ਼ਚਿਤ ਤੌਰ `ਤੇ ਅਜਿਹਾ ਹੀ ਲਗਦਾ ਹੈ। ਇਹ ਬੇਹੱਦ ਦੁਖਦਾਇਕ ਹੈ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਨੇ ਆਧਿਕਾਰਤ ਤੌਰ `ਤੇ ਖਸ਼ੋਗੀ ਦੀ ਮੌਤ ਸਬੰਧੀ ਕੁਝ ਸਵੀਕਾਰ ਕੀਤਾ ਹੈ। ਟਰੰਪ ਨੇ ਕਿਹਾ ਕਿ ਅਸੀਂ ਕੁਝ ਜਾਂਚਾਂ ਅਤੇ ਨਤੀਜਿਆਂ ਦੀ ਉਡੀਕ ਕਰ ਰਹੇ ਹਾਂ। ਸਾਡੇ ਕੋਲ ਬਹੁਤ ਛੇਤੀ ਨਤੀਜੇ ਹੋਣਗੇ ਅਤੇ ਮੈਨੂੰ ਲਗਦਾ ਹੈ ਕਿ ਮੈਂ ਬਿਆਨ ਦੇਣ ਵਾਲਾ ਹਾਂ ਅਤੇ ਬਹੁਤ ਸਖਤ ਬਿਆਨ ਦੇਣ ਵਾਲਾ ਹਾਂ। ਪ੍ਰੰਤੂ ਅਸੀਂ ਤਿੰਨ ਅਲੱਗ-ਅਲੱਗ ਜਾਂਚਾਂ ਦੀ ਉਡੀਕ ਕਰ ਰਹੇ ਹਾਂ ਅਤੇ ਬਹੁਤ ਛੇਤੀ ਇਸਦੀ ਤਹਿ ਤੱਕ ਪਹੁੰਚਣ `ਚ ਕਾਮਯਾਬ ਹੋ ਜਾਵਾਂਗੇ।
ਟਰੰਪ ਨੇ ਅਜੇ ਤੱਕ ਸਾਊਦੀ ਅਰਬ ਦੇ ਖਿਲਾਫ ਕੋਈ ਸਖਤ ਕਾਰਵਾਈ ਕਰਨ ਬਾਰੇ ਕੁਝ ਨਹੀਂ ਕਿਹਾ ਸੀ। ਟਰੰਪ ਨਾਲ ਮੁਲਾਕਾਤ ਦੌਰਾਨ ਵਿਦੇਸ਼ ਮੰਤਰੀ ਨੇ ਸਲਾਹ ਦਿੱਤੀ ਸੀ ਕਿ ਸਾਊਦੀ ਅਰਬ ਨੂੰ ਜਾਂਚ ਪੂਰੀ ਕਰਨ ਲਈ ਕੁਝ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ।