ਸਾਲ 2012 ਦੌਰਾਨ ਪਾਕਿਸਤਾਨ ’ਚ ਮਲਾਲਾ ਯੂਸਫ਼ਜ਼ਈ ਉੱਤੇ ਹਿੰਸਕ ਹਮਲਾ ਕਰਨ ਤੇ ਫਿਰ 2014 ’ਚ ਪੇਸ਼ਾਵਰ ਦੇ ਫ਼ੌਜੀ ਸਕੂਲ ’ਤੇ ਜਾਨਲੇਵਾ ਹਮਲੇ ਦੇ ਜ਼ਿੰਮੇਵਾਰ ਪਾਕਿਸਤਾਨੀ ਤਾਲਿਬਾਨ ਦਾ ਬੁਲਾਰਾ ਅਹਿਸਾਨ ਉੱਲ੍ਹਾ ਅਹਿਸਾਨ ਜੇਲ੍ਹ ’ਚੋਂ ਫ਼ਰਾਰ ਹੋ ਗਿਆ ਹੈ। ਇਹ ਜਾਣਕਾਰੀ ਖ਼ੁਦ ਅਹਿਸਾਨ ਉੱਲ੍ਹਾ ਨੇ ਫ਼ਰਾਰ ਹੋਣ ਤੋਂ ਬਾਅਦ ਆਡੀਓ ਕਲਿੱਪ ਜਾਰੀ ਕਰ ਕੇ ਦਿੱਤੀ।
ਸੋਸ਼ਲ ਮੀਡੀਆ ’ਤੇ ਵੀਰਵਾਰ ਨੂੰ ਆੱਡੀਓ ਕਲਿੱਪ ਸਾਂਝੀ ਕਰਦਿਆਂ ਅਹਿਸਾਨ ਨੇ ਕਿਹਾ ਕਿ ਉਹ 11 ਜਨਵਰੀ ਨੂੰ ਪਾਸਿਕਤਾਨੀ ਸੁਰੱਖਿਆ ਏਜੰਸੀਆਂ ਦੀ ਜੇਲ੍ਹ ’ਚੋਂ ਫ਼ਰਾਰ ਹੋ ਗਿਆ ਸੀ।
ਅਹਿਸਾਨ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫ਼ੌਜ 2017 ’ਚ ਆਤਮਸਮਰਪਣ ਦੌਰਾਨ ਉਸ ਨਾਲ ਕੀਤਾ ਵਾਅਦਾ ਨਿਭਾਉਣ ਤੋਂ ਨਾਕਾਮ ਰਹੀ ਹੈ।
ਆੱਡੀਓ ਕਲਿੱਪ ’ਚ ਅਹਿਸਾਨ ਉੱਲ੍ਹਾ ਇਹ ਆਖਦਾ ਵੀ ਸੁਣਾਈ ਦੇ ਰਿਹਾ ਹੈ ਕਿ – ‘ਅੱਲ੍ਹਾ ਦੀ ਮਦਦ ਨਾਲ, ਮੈਂ ਇੱਕ ਜਨਵਰੀ, 2020 ਨੂੰ ਸੁਰੱਖਿਆ ਬਲਾਂ ਦੀ ਜੇਲ੍ਹ ’ਚੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ।’
ਜੇ ਇਹ ਕਲਿੱਪ ਸਹੀ ਤੇ ਦਰੁਸਤ ਨਿੱਕਲੀ, ਤਾਂ ਇਹ ਤਾਲਿਬਾਨ ਦੇ ਖ਼ਾਤਮੇ ਲਈ ਮੁਹਿੰਮ ਚਲਾ ਰਹੇ ਪਾਕਿਸਤਾਨ ਲਈ ਵੱਡਾ ਝਟਕਾ ਸਿੱਧ ਹੋਵੇਗੀ। ਅਹਿਸਾਨ ਉੱਲ੍ਹਾ ਨੇ ਆਪਣਾ ਮੌਜੂਦਾ ਟਿਕਾਦਾ ਦੱਸੇ ਬਿਨਾ ਕਿਹਾ ਕਿ ਉਹ ਆਉਣ ਵਾਲੇ ਦਿਨਾਂ ’ਚ ਜੇਲ੍ਹ ਵਿੱਚ ਬਿਤਾਏ ਆਪਣੇ ਦਿਨਾਂ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਸਥਾਰਪੂਰਬਕ ਦੱਸੇਗਾ।
ਇੱਥੇ ਵਰਨਣਯੋਗ ਹੈ ਕਿ ਸਭ ਤੋਂ ਘੱਟ ਉਮਰ ’ਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ ਮਲਾਲਾ ਨੂੰ 2012 ’ਚ ਪਾਕਿਸਤਾਨ ਦੀ ਸਵਾਤ ਵਾਦੀ ਵਿੱਚ ਇੱਕ ਬੰਦੂਕਧਾਰੀ ਨੇ ਗੋਲੀ ਮਾਰ ਦਿੱਤੀ ਸੀ।
ਇੰਝ ਹੀ 16 ਦਸੰਬਰ,, 2014 ਨੂੰ ਪੇਸ਼ਾਵਰ ਦੇ ਫ਼ੌਜੀ ਸਕੂਲ ਉੱਤੇ ਹੋਏ ਹਮਲੇ ’ਚ 132 ਵਿਦਿਆਰਥੀਆਂ ਸਮੇਤ 149 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ’ਚ ਵੀ ਅਹਿਸਾਨ ਸ਼ਾਮਲ ਸੀ।