ਕੋਰੋਨਾ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਦੁਨੀਆ ਭਰ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਬਹੁਤ ਸਾਰੇ ਕੋਰੋਨਾ ਪੀੜਤ ਲੋਕ ਹੁਣ ਵੀ ਖੁਦ ਨੂੰ ਆਈਸੋਲੇਸ਼ਨ 'ਚ ਰੱਖਣ ਦੀ ਬਜਾਏ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਅਜਿਹੇ ਲੋਕਾਂ ਨੂੰ ਕਾਬੂ ਕਰਨ ਲਈ ਅਮਰੀਕਾ ਦੇ ਲੁਈਸਵਿਲੇ ਸ਼ਹਿਰ 'ਚ ਇੱਕ ਨਵਾਂ ਤਰੀਕਾ ਅਪਣਾਇਆ ਗਿਆ ਹੈ। ਇਸ ਦੇ ਤਹਿਤ ਕੋਰੋਨਾ ਪੀੜਤਾਂ ਦੇ ਪੈਰਾਂ 'ਚ ਜੀਪੀਐਸ ਟ੍ਰੈਕਰ ਬੰਨ੍ਹ ਕੇ ਨਜ਼ਰ ਰੱਖੀ ਜਾ ਰਹੀ ਹੈ।
ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਸਾਰਾ ਮੋਏਰ ਨੇ ਕਿਹਾ ਕਿ ਸਥਾਨਕ ਅਦਾਲਤ ਨੇ ਇੱਕ ਮਾਮਲੇ 'ਚ ਕੋਰੋਨਾ ਪੀੜਤ ਮਰੀਜ਼ਾਂ ਅਤੇ ਇੱਕ ਸ਼ੱਕੀ ਵਿਅਕਤੀ ਨੂੰ ਘਰ ਰਹਿਣ ਦਾ ਆਦੇਸ਼ ਦਿੱਤਾ ਸੀ, ਪਰ ਉਹ ਵਾਰ-ਵਾਰ ਘਰੋਂ ਬਾਹਰ ਨਿਕਲ ਰਿਹਾ ਸੀ। ਇਸ 'ਤੇ ਅਦਾਲਤ ਨੇ ਉਸ ਦੇ ਸ਼ਰੀਰ 'ਤੇ ਟ੍ਰੈਕਰ ਲਗਾਉਣ ਅਤੇ ਉਸ ਨੂੰ 14 ਦਿਨਾਂ ਲਈ ਘਰ 'ਚ ਰਹਿਣ ਦਾ ਆਦੇਸ਼ ਦਿੱਤਾ ਹੈ।
ਜੱਜ ਏਂਜੇਲਾ ਬਿਸਿਗ ਨੇ ਇਸ ਮਾਮਲੇ 'ਚ ਸੁਧਾਰ ਵਿਭਾਗ ਨੂੰ ਆਦੇਸ਼ ਦਿੱਤਾ ਹੈ ਕਿ ਜੇ ਇਨ੍ਹਾਂ 14 ਦਿਨਾਂ ਵਿੱਚ ਕੋਰੋਨਾ ਪੀੜਤ ਵਿਅਕਤੀ ਦੁਬਾਰਾ ਘਰੋਂ ਬਾਹਰ ਆਇਆ ਜਾਂ ਟ੍ਰੈਕਰ ਨੂੰ ਸਰੀਰ ਤੋਂ ਵੱਖ ਕਰਦਾ ਹੈ ਤਾਂ ਉਸ ਵਿਰੁੱਧ ਮੁਕੱਦਮਾ ਚਲਾਇਆ ਜਾਵੇਗਾ।
ਹੁਣ ਤੱਕ ਕਈ ਲੋਕਾਂ ਨੂੰ ਬੰਨ੍ਹਿਆ ਗਿਆ ਟ੍ਰੈਕਰ :
ਲੁਈਸਵਿਲੇ ਸ਼ਹਿਰ 'ਚ ਇਕਲੌਤਾ ਵਿਅਕਤੀ ਨਹੀਂ ਹੈ ਜਿਸ ਨੂੰ ਕੋਰੋਨਾ ਵਾਇਰਸ ਫੈਲਾਉਣ ਤੋਂ ਰੋਕਣ ਲਈ ਇਸ ਕਿਸਮ ਦੇ ਟ੍ਰੈਕਰ ਨਾਲ ਬੰਨ੍ਹਿਆ ਗਿਆ ਹੈ। ਸਥਾਨਕ ਪ੍ਰਸ਼ਾਸਨ ਦੇ ਅਨੁਸਾਰ ਹੁਣ ਤੱਕ ਲਗਭਗ ਅੱਧੀ ਦਰਜਨ ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨੂੰ ਲੌਕਡਾਊਨ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ 'ਤੇ ਇਸ ਤਰੀਕੇ ਨਾਲ ਬੰਨ੍ਹਿਆ ਗਿਆ ਹੈ। ਟ੍ਰੈਕਰ ਰਾਹੀਂ ਉਨ੍ਹਾਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।