ਚੀਨ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹੁਣ ਤੱਕ ਇਸ ਨਵੇਂ ਘਾਤਕ ਕੋਰੋਨਾ ਵਾਇਰਸ ਨੇ 25 ਵਿਅਕਤੀਆਂ ਦੀ ਜਾਨ ਲੈ ਲਈ ਹੈ। ਲਗਭਗ 800 ਤੋਂ ਵੱਧ ਵਿਅਕਤੀ ਇਸ ਦੀ ਲਪੇਟ ’ਚ ਆਏ ਹੋਏ ਹਨ।
ਕੋਰੋਨਾ ਵਾਇਰਸ ਦੀ ਭਿਆਨਕਤਾ ਨੂੰ ਵੇਖਦਿਆਂ ਵਿਸ਼ਵ ਸਿਹਤ ਸੰਗਠਨ (WHO) ਨੇ ਚੀਨ ’ਚ ਐਮਰਜੈਂਸੀ ਐਲਾਨ ਦਿੱਤੀ ਹੈ ਪਰ ਹਾਲੇ ਕੌਮਾਂਤਰੀ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਨਹੀਂ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਸ ਵਾਇਰਸ ਨੂੰ ਵਿਸ਼ਵ ਸਿਹਤ ਐਮਰਜੈਂਸੀ ਐਲਾਨਣਾ ਜਲਦਬਾਜ਼ੀ ਹੋਵੇਗੀ।
ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਹੁਣ ਤੱਕ 830 ਮਾਮਲੇ ਸਾਹਮਣੇ ਆ ਚੁੱਕੇ ਹਨ, ,ਜਿਨ੍ਹਾਂ ਦੀ ਪੁਸ਼ਟੀ ਵੀ ਹੋ ਚੁੱਕੀ ਹੈ। ਵੀਰਵਾਰ ਤੱਕ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 25 ਤੱਕ ਪੁੱਜ ਗਈ ਸੀ।
ਜ਼ਿਆਦਾਤਰ ਮਾਮਲੇ ਚੀਨ ਦੇ ਵੁਹਾਨ ਸ਼ਹਿਰ ’ਚ ਪਾਏ ਗਏ ਹਨ। ਕੋਰੋਨਾ ਵਾਇਰਸ ਹੁਣ ਤੱਕ 7 ਹੋਰ ਦੇਸ਼ਾਂ ਵਿੱਚ ਵੀ ਪਾਇਆ ਗਿਆ ਹੈ ਪਰ ਉੱਥੇ ਸਾਰੇ ਮਾਮਲੇ ਗ਼ੈਰ–ਘਾਤਕ ਹੀ ਹਨ।
ਕੋਰੋਨਾ ਵਾਇਰਸ ਫੈਲਣ ਕਾਰਨ ਚੀਨ ਦੇ ਕਈ ਸ਼ਹਿਰਾਂ ਵਿੱਚ ਆਵਾਜਾਈ ਨੂੰ ਵੀ ਰੋਕਣਾ ਪੈ ਗਿਆ ਹੈ। ਕੁਝ ਸ਼ਹਿਰ; ਜਿਵੇਂ ਵੁਹਾਨ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਅਗਲੇ ਹੁਕਮ ਤੱਕ ਇਸ ਸ਼ਹਿਰ ਵਿੱਚ ਆਵਾਜਾਈ ’ਤੇ ਪੂਰੀ ਤਰ੍ਹਾਂ ਰੋਕ ਲੱਗੀ ਰਹੇਗੀ।
WHO ਦੇ ਮੁਖੀ ਟੈਡਰੋਸ ਐਡਹਾਨੋਮ ਗ਼ੇਬਰੇਆਸਸ ਨੇ ਵਾਇਰਸ ਨੂੰ ਲੈ ਕੇ ਜਨੇਵਾ ’ਚ ਦੋ ਦਿਨਾ ਹੰਗਾਮੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਉਹ ਅੱਜ ਕੌਮਾਂਤਰੀ ਸਿਹਤ ਐਮਰਜੈਂਸੀ ਨਹੀਂ ਐਲਾਨ ਰਹੇ। ਉਨ੍ਹਾਂ ਮੰਨਿਆ ਕਿ ਚੀਨ ਵਿੱਚ ਹਾਲਾਤ ਜ਼ਰੂਰ ਐਮਰਜੈਂਸੀ ਵਾਲੇ ਹਨ।