ਕੌਮਾਂਤਰੀ ਅਦਾਲਤ ਪਾਕਿਸਤਾਨੀ ਜੇਲ੍ਹ `ਚ ਬੰਦ ਭਾਰਤੀ ਕੈਦੀ ਕੁਲਭੂਸ਼ਨ ਜਾਧਵ ਦੀ ਮੌਤ ਦੀ ਸਜ਼ਾ ਦੀ ਮੁਆਫ਼ੀ ਨਾਲ ਸਬੰਧਤ ਭਾਰਤ ਦੀ ਅਪੀਲ `ਤੇ ਹੇਗ (ਸਵਿਟਜ਼ਰਲੈਂਡ) `ਚ ਅਗਲੇ ਵਰ੍ਹੇ ਦੀ 18 ਫ਼ਰਵਰੀ ਨੂੰ ਆਖ਼ਰੀ ਗੇੜ ਦੀ ਸੁਣਵਾਈ ਕਰੇਗੀ। ਉਸ ਤੋਂ ਬਾਅਦ ਫ਼ੈਸਲਾ ਸੁਣਾਇਆ ਜਾਵੇਗਾ। ਇਹ ਐਲਾਨ ਵਿਸ਼ਵ ਅਦਾਲਤ ਨੇ ਅੱਜ ਕੀਤਾ।
47 ਸਾਲਾ ਜਾਧਵ ਨੂੰ ਪਾਕਿਸਤਾਨ ਦੀ ਇੱਕ ਫ਼ੌਜੀ ਅਦਾਲਤ ਨੇ ਅਪ੍ਰੈਲ 2017 `ਚ ਮੌਤ ਦੀ ਸਜ਼ਾ ਸੁਣਾਈ ਸੀ। ਉਸ `ਤੇ ਪਾਕਿਸਤਾਨ `ਚ ਰਹਿ ਕੇ ਭਾਰਤ ਦੀ ਜਾਸੂਸੀ ਕਰਨ ਦਾ ਦੋਸ਼ ਲਾਇਆ ਗਿਆ ਸੀ। ਭਾਰਤ ਨੇ ਮਈ ਮਹੀਨੇ `ਚ ਹੀ ਜਾਧਵ ਦੀ ਸਜ਼ਾ ਮੁਆਫ਼ੀ ਲਈ ਕੌਮਾਂਤਰੀ ਅਦਾਲਤ `ਚ ਅਪੀਲ ਦਾਖ਼ਲ ਕਰ ਦਿੱਤੀ ਸੀ। ਵਿਸ਼ਵ ਅਦਾਲਤ ਨੇ ਤੁਰੰਤ ਭਾਰਤ ਦੀ ਅਪੀਲ `ਤੇ ਕਾਰਵਾਈ ਕਰਦਿਆਂ ਇਸ ਮਾਮਲੇ ਦਾ ਅੰਤਿਮ ਫ਼ੈਸਲਾ ਹੋਣ ਤੱਕ ਜਾਧਵ ਦੀ ਮੌਤ ਦੀ ਸਜ਼ਾ `ਤੇ ਰੋਕ ਲਾ ਦਿੱਤੀ ਸੀ।
ਭਾਰਤ ਤੇ ਪਾਕਿਸਤਾਨ ਦੋਵੇਂ ਹੀ ਆਪੋ-ਆਪਣੀਆਂ ਦਲੀਲਾਂ ਇਸ ਸਬੰਧੀ ਦਾਖ਼ਲ ਕਰ ਚੁੱਕੇ ਹਨ। ਜਦੋਂ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਤਦ ਭਾਰਤ `ਚ ਉਸ ਵਿਰੁੱਧ ਤਿੱਖਾ ਪ੍ਰਤੀਕਰਮ ਹੋਇਆ ਸੀ।
ਪਾਕਿਸਤਾਨ ਦਾ ਦਾਅਵਾ ਹੈ ਕਿ ਉਸ ਦੇ ਸੁਰੱਖਿਆ ਬਲਾਂ ਨੇ ਕੁਲਭੂਸ਼ਨ ਜਾਧਵ ਨੂੰ 3 ਮਾਰਚ, 2016 ਨੂੰ ਗੜਬੜਗ੍ਰਸਤ ਬਲੋਚਿਸਤਾਨ ਸੂਬੇ `ਚੋਂ ਗ੍ਰਿਫ਼ਤਾਰ ਕੀਤਾ ਦੱਸਿਆ ਗਿਆ ਸੀ। ਪਾਕਿਸਤਾਨੀ ਦਸਤਾਵੇਜ਼ਾਂ `ਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਜਾਧਵ ਇਰਾਨ ਰਸਤੇ ਪਾਕਿਸਤਾਨ `ਚ ਦਾਖ਼ਲ ਹੋਇਆ ਸੀ।
ਭਾਰਤ ਨੇ ਪਾਕਿਸਤਾਨ ਦੀਆਂ ਅਜਿਹੀਆਂ ਦਲੀਲਾਂ ਨੂੰ ਮੁੱਢੋਂ ਰੱਦ ਕੀਤਾ ਹੈ ਤੇ ਉਸ `ਤੇ ਲਾਏ ਗਏ ਜਾਸੂਸੀ ਦੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ। ਭਾਰਤ ਦਾ ਕਹਿਣਾ ਹੈ ਕਿ ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਟਾਂ ਨੇ ਇਰਾਨ ਦੀ ਬੰਦਰਗਾਹ ਚਾਹਬਹਾਰ ਤੋਂ ਅਗ਼ਵਾ ਕੀਤਾ ਸੀ, ਜਿੱਥੇ ਉਹ ਆਪਣਾ ਕਾਰੋਬਾਰ ਚਲਾਉਂਦਾ ਰਿਹਾ ਹੈ।