34 ਸਾਲਾ ਸੋਸ਼ਲ ਡੈਮੋਕ੍ਰੈਟ ਆਗੂ ਸਨਾ ਮੈਰਿਨ ਨੂੰ ਫ਼ਿਨਲੈਂਡ ਦੀ ਨਵੀਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਸਨਾ ਦੁਨੀਆ ਦੇ ਕਿਸੇ ਵੀ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਹਨ। ਉਹ ਪਹਿਲਾਂ ਦੇਸ਼ ਦੇ ਟਰਾਂਸਪੋਰਟ ਮੰਤਰੀ ਵੀ ਰਹਿ ਚੁੱਕੇ ਹਨ।
ਕੱਲ੍ਹ ਐਤਵਾਰ ਨੂੰ ਹੋਈ ਚੋਣ ’ਚ ਉਹ ਮਾਮੂਲੀ ਵੋਟਾਂ ਦੇ ਫ਼ਰਕ ਨਾਲ ਜਿੱਤ ਗਏ। ਇਸ ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀ ਐਂਤੀ ਰਿਨੇ ਨੇ ਬੀਤੇ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ ਸੀ ਕਿ ਉਨ੍ਹਾਂ ਦੀ ਭਾਈਵਾਲ ਸੈਂਟਰ ਪਾਰਟੀ ਨੇ ਉਨ੍ਹਾਂ ਤੋਂ ਆਪਣੀ ਹਮਾਇਤ ਵਾਪਸ ਲੈ ਲਈ ਸੀ ਤੇ ਉਸ ਤੋਂ ਬਾਅਦ ਉਹ ਸਦਨ ’ਚ ਘੱਟ–ਗਿਣਤੀ ’ਚ ਰਹਿ ਗਏ ਸਨ।
ਦਰਅਸਲ, ਡਾਕ ਮਹਿਕਮੇ ਦੇ ਮੁਲਾਜ਼ਮਾਂ ਦੀ ਹੜਤਾਲ ਨਾਲ ਉਹ ਸਹੀ ਤਰੀਕੇ ਸਿੱਝ ਨਹੀਂ ਸਕੇ ਸਨ; ਜਿਸ ਕਾਰਨ ਫ਼ਿਨਲੈਂਡ ’ਚ ਅਜਿਹੇ ਹਾਲਾਤ ਬਣੇ।
ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਨਾ ਮੈਰਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਭਰੋਸਾ ਦੋਬਾਰਾ ਕਾਇਮ ਕਰਨ ਲਈ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਵੀ ਆਪਣੀ ਉਮਰ ਤੇ ਲਿੰਗ ਵੱਲ ਗ਼ੌਰ ਨਹੀਂ ਕੀਤਾ। ‘ਮੈਂ ਤਾਂ ਸਿਰਫ਼ ਉਨ੍ਹਾਂ ਕਾਰਨਾਂ ਬਾਰੇ ਹੀ ਸੋਚਦੀ ਹਾਂ, ਜਿਨ੍ਹਾਂ ਕਰ ਕੇ ਮੈਂ ਸਿਆਸਤ ’ਚ ਦਾਖ਼ਲ ਹੋਈ ਸਾਂ ਤੇ ਚੋਣ ਵੀ ਜਿੱਤੀ ਹਾਂ।’
ਸਨਾ ਮੈਰਿਨ ਤੋਂ ਬਾਅਦ ਯੂਕਰੇਨ ਦੇ ਓਲੇਕਸੀ ਹੋਨਚਾਰੁਕ ਹੀ ਦੁਨੀਆ ’ਚ ਦੂਜੇ ਨੰਬਰ ਉੱਤੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਹਨ। ਸਿਾਬਕਾ ਪ੍ਰਧਾਨ ਮੰਤਰੀ ਐਂਟੀ ਰਿਨੇ ਪੰਜ ਪਾਰਟੀਆਂ ਦੇ ਗੱਠਜੋੜ ਵਾਲੀ ਸਰਕਾਰ ਦੇ ਆਗੂ ਸਨ। ਸਨਾ ਮੈਰਿਨ ਦੀ ਇਸ ਨਵੀਂ ਨਿਯੁਕਤੀ ਕਾਰਨ ਫ਼ਿਨਲੈਂਡ ਦੀਆਂ ਨੀਤੀਆਂ ਵਿੱਚ ਕੋਈ ਤਬਦੀਲੀ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।
ਇਸੇ ਵਰ੍ਹੇ ਅਪ੍ਰੈਲ ਮਹੀਨੇ ਐੱਸਡੀਪੀ ਨੇ ਇਹ ਚੋਣ ਇਸ ਵਾਅਦੇ ਨਾਲ ਜਿੱਤੀ ਸੀ ਕਿ ਉਹ ਫ਼ਿਨਲੈਂਡ ਨੂੰ ਆਰਥਿਕ ਮੰਦਹਾਲੀ ’ਚੋਂ ਬਾਹਰ ਕੱਢਣਗੇ।