ਅਮਰੀਕਾ 'ਚ ਅਫ਼ਰੀਕੀ ਮੂਲ ਦੇ ਜਾਰਜ ਫ਼ਲਾਇਡ ਦੀ ਮੌਤ ਤੋਂ ਬਾਅਦ ਪੁਲਿਸ ਵਿਰੁੱਧ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੀ ਅੱਗ 40 ਸ਼ਹਿਰਾਂ 'ਚ ਭੜਕ ਰਹੀ ਹੈ। ਐਤਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਦੇ ਆਸਪਾਸ ਕਈ ਥਾਵਾਂ 'ਤੇ ਅੱਗ ਲਗਾ ਦਿੱਤੀ। ਵ੍ਹਾਈਟ ਹਾਊਸ ਨੇੜੇ ਸਥਿੱਤ ਇਤਿਹਾਸਕ ਸੇਂਟ ਜਾਨਸ ਐਪੀਸਕੋਪਲ ਚਰਚ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿੱਤੀ। ਇਸ ਤੋਂ ਇਲਾਵਾ ਲਾਫੇਟ ਸਕੁਆਇਰ ਨੇੜੇ ਬਹੁਤ ਸਾਰੀਆਂ ਦੁਕਾਨਾਂ ਦੀ ਭੰਨਤੋੜ ਕੀਤੀ ਗਈ ਅਤੇ ਉਨ੍ਹਾਂ ਨੂੰ ਅੱਗ ਵੀ ਲਗਾ ਦਿੱਤੀ।
ਦੱਸ ਦਈਏ ਕਿ ਸਨਿੱਚਰਵਾਰ ਨੂੰ ਪੁਲਿਸ ਨੇ ਵ੍ਹਾਈਟ ਹਾਊਸ ਦੇ ਬਾਹਰ ਪ੍ਰਦਰਸ਼ਨਕਾਰੀਆਂ 'ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਸੀ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਚਰਚ ਦੀ ਵੀਡੀਓ 'ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਕੰਧਾਂ ਉੱਤੇ ਪ੍ਰਦਰਸ਼ਨ ਨਾਲ ਸਬੰਧਤ ਗ੍ਰੈਫਿਟੀ ਬਣਾਈ ਗਈ ਹੈ ਅਤੇ ਚਰਚ ਦੀ ਖਿੜਕੀ ਨੂੰ ਅੱਗ ਲਗਾਈ ਗਈ ਹੈ।
St. John’s church in DC has been set on fire 🤬
— Mr. Jones™️🇺🇸 (@MrJones_tm) June 1, 2020
pic.twitter.com/uC9maGsbAo
ਨਿਊਜ਼ ਚੈਨਲ ਸੀਐਨਐਨ ਦੇ ਅਨੁਸਾਰ ਵਾਸ਼ਿੰਗਟਨ ਸਮੇਤ 15 ਸ਼ਹਿਰਾਂ 'ਚ ਲਗਭਗ 5000 ਨੈਸ਼ਨਲ ਗਾਰਡ ਤਾਇਨਾਤ ਕੀਤੇ ਗਏ ਹਨ। ਲੋੜ ਪੈਣ 'ਤੇ 2 ਹਜ਼ਾਰ ਗਾਰਡਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਇਸ ਦੌਰਾਨ ਮਿਨੀਸੋਟਾ ਤੋਂ ਦੋ ਵੀਡੀਓਜ਼ ਵਾਇਰਲ ਹੋਈਆਂ ਹਨ। ਇੱਕ ਵੀਡੀਓ 'ਚ ਪੁਲਿਸ ਮੁਲਾਜ਼ਮ ਪ੍ਰਦਰਸ਼ਨਕਾਰੀਆਂ 'ਤੇ NYPD ਕਰੂਜ਼ਰ ਕਾਰ ਚੜ੍ਹਾਉਂਦੇ ਨਜ਼ਰ ਆ ਰਹੇ ਹਨ। ਇੱਕ ਹੋਰ ਵੀਡੀਓ 'ਚ ਨੈਸ਼ਨਲ ਗਾਰਡ ਘਰ ਵਿੱਚ ਮੌਜੂਦ ਲੋਕਾਂ 'ਤੇ ਗੋਲੀਬਾਰੀ ਕਰ ਰਹੇ ਹਨ ਅਤੇ ਘਰਾਂ ਦੇ ਅੰਦਰ ਹੰਝੂ ਗੈਸ ਦੇ ਗੋਲੇ ਵੀ ਸੁੱਟ ਰਹੇ ਹਨ।
ਕਾਫ਼ੀ ਮਸ਼ਹੂਰ ਹੈ ਸੇਂਟ ਜਾਨਸ ਚਰਚ
ਦੱਸ ਦੇਈਏ ਕਿ ਸੇਂਟ ਜਾਨਸ ਚਰਚ ਪੂਰੀ ਦੁਨੀਆ ਵਿੱਚ ਬਹੁਤ ਮਸ਼ਹੂਰ ਹੈ ਅਤੇ ਇਹ ਡੀ.ਸੀ. ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਰਹੀ ਹੈ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਨਜ਼ਦੀਕ ਪ੍ਰਦਰਸ਼ਨ ਕਰ ਰਹੀ ਭੀੜ ਨੇ ਇੱਕ ਡਸਟਬਿਨ ਨੂੰ ਅੱਗ ਲਗਾ ਦਿੱਤੀ ਅਤੇ ਪੁਲਿਸ ਨਾਲ ਵੀ ਧੱਕਾ-ਮੁੱਕੀ ਕੀਤੀ ਸੀ। ਇਸ ਤੋਂ ਬਾਅਦ ਇਹ ਮਾਮਲਾ ਇੰਨਾ ਵਿਗੜ ਗਿਆ ਕਿ ਸੁਰੱਖਿਆ ਵਿੱਚ ਤਾਇਨਾਤ ਗੁਪਤ ਸੇਵਾ ਏਜੰਟ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ 'ਚ ਬਣੇ ਸੁਰੱਖਿਆ ਬੰਕਰ 'ਚ ਲੈ ਗਏ ਸਨ।
ਟਰੰਪ ਨੇ ਕਿਹਾ - ਖੱਬੇਪੱਖੀ ਲੋਕ ਹਿੰਸਾ ਕਰ ਰਹੇ ਹਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਿੰਸਾ ਲਈ ਖੱਬੇਪੱਖੀ ਸੰਗਠਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟਰੰਪ ਨੇ ਕਿਹਾ ਕਿ ਦੰਗਾਕਾਰੀ ਬੇਕਸੂਰ ਲੋਕਾਂ ਨੂੰ ਡਰਾ ਰਹੇ ਹਨ, ਨੌਕਰੀਆਂ ਨੂੰ ਤਬਾਹ ਕਰ ਰਹੇ ਹਨ, ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਇਮਾਰਤਾਂ ਨੂੰ ਸਾੜ ਰਹੇ ਹਨ। ਟਰੰਪ ਨੇ ਕਿਹਾ ਕਿ ਜਾਰਜ ਫ਼ਲਾਇਡ ਦੀ ਯਾਦ ਨੂੰ ਦੰਗਾਕਾਰੀਆਂ, ਲੁਟੇਰਿਆਂ ਤੇ ਅਰਾਜਕਤਾਵਾਦੀਆਂ ਨੇ ਬਦਨਾਮ ਕੀਤਾ ਗਿਆ ਹੈ।
ਟਰੰਪ ਨੇ ਇੱਕ ਟਵੀਟ ਵਿੱਚ ਕਿਹਾ ਕਿ ਮਿਨੀਪੋਲਿਸ ਵਿੱਚ ਸਥਿਤੀ ਨੂੰ ਕਾਬੂ ਕਰਨ ਲਈ ਨੈਸ਼ਨਲ ਗਾਰਡ ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਡੈਮੋਕ੍ਰੇਟਿਕ ਪਾਰਟੀ ਦੇ ਮੇਅਰ ਨਹੀਂ ਕਰ ਸਕੇ। ਟਰੰਪ ਨੇ ਦੋਸ਼ ਲਾਇਆ ਹੈ ਕਿ ਐਂਟੀਫ਼ਾ (ਫਾਸੀਵਾਦ ਵਿਰੋਧੀ) ਦੇ ਲੋਕਾਂ ਨੇ ਇਸ ਅੰਦੋਲਨ ਨੂੰ ਹਾਈਜੈਕ ਕਰ ਲਿਆ ਹੈ ਅਤੇ ਹੁਣ ਅਜਿਹੇ ਲੋਕਾਂ ਨੂੰ ਅੱਤਵਾਦੀ ਘੋਸ਼ਿਤ ਕਰਨ ਦਾ ਫ਼ੈਸਲਾ ਕੀਤਾ ਹੈ। ਟਰੰਪ ਨੇ ਟਵੀਟ ਕੀਤਾ ਹੈ ਕਿ ਅਮਰੀਕਾ ਐਂਟੀਫਾ ਨੂੰ ਅੱਤਵਾਦੀ ਸੰਗਠਨ ਕਰਾਰ ਦੇਵੇਗਾ। ਦੱਸ ਦੇਈਏ ਕਿ ਅਮਰੀਕਾ ਵਿੱਚ ਫਾਸੀਵਾਦ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਐਂਟੀਫਾ ਕਿਹਾ ਜਾਂਦਾ ਹੈ।