ਨਿਊਜ਼ੀਲੈਂਡ ’ਚ ਕੋਰੋਨਾ ਵਾਇਰਸ ਕਾਰਨ ਕੱਲ੍ਹ ਪਹਿਲੀ ਮੌਤ ਹੋ ਗਈ। ਨਿਊ ਜ਼ੀਲੈਂਡ ਤੇ ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਇਰਸ ਕਾਰਨ ਮਰਨ ਵਾਲੀ 70 ਸਾਲਾਂ ਦੀ ਇੰਕ ਔਰਤ ਸੀ, ਜੋ ਵੈਸਟ ਕੋਸਟ ਨਾਲ ਸਬੰਧਤ ਸੀ। ਇਸ ਤੋਂ ਇਲਾਵਾ ਇੱਕ ਪੰਜਾਬੀ ਪਰਿਵਾਰ ਦੇ 3 ਮੈਂਬਰ ਵੀ ਇਸ ਵਾਇਰਸ ਦੀ ਲਪੇਟ ’ਚ ਆ ਗਏ ਹਨ।
ਤਰਨਦੀਪ ਬਿਲਾਸਪੁਰ ਦੀ ਰਿਪੋਰਟ ਅਨੁਸਾਰ ਪੰਜਾਬੀ ਪਰਿਵਾਰ ਦਾ ਬੱਚਾ ਸਕੂਲ ਤੋਂ ਕੋਰੋਨਾ ਦੀ ਲਾਗ ਲੈ ਕੇ ਆਇਆ ਸੀ ਤੇ ਉਸ ਤੋਂ ਪਰਿਵਾਰ ਦੇ ਦੋ ਹੋਰ ਮੈਂਬਰ ਵੀ ਇਸ ਛੂਤ ਦੀ ਲਪੇਟ ’ਚ ਆ ਗਏ। ਇੰਝ ਨਿਊ ਜ਼ੀਲੈਂਡ ’ਚ ਭਾਰਤੀ ਮੂਲ ਦੇ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 6 ਹੋ ਗਈ ਹੈ।
ਉਂਝ ਸਮੁੱਚੇ ਨਿਊਜ਼ੀਲ਼ਡ ’ਚ ਕੁੱਲ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 514 ਹੈ; ਜੋ ਹੋਰ ਵਿਕਸਤ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ।
ਨਿਊਜ਼ੀਲੈਂਡ ਸਰਕਾਰ ਅਤੇ ਸਿਹਤ ਮਹਿਕਮੇ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ 29 ਮਾਰਚ ਦਿਨ ਐਤਵਾਰ ਨੂੰ ਨਿਊਜ਼ੀਲੈਂਡ 'ਚ ਕੋਰੋਨਾ ਵਾਇਰਸ ਮਾਮਲੇ ਵਿਚ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਵਾਧੇ ਨੂੰ ਲਗਾਮ ਲੱਗਣੀ ਸ਼ੁਰੂ ਹੋ ਗਈ ਹੈ।
ਲੌਕ ਡਾਊਨ ਦੇ ਚਾਰ ਦਿਨ ਬਾਅਦ ਨਵੇਂ ਮਰੀਜ਼ ਬੀਤੇ ਦੋ ਦਿਨਾਂ ਦੇ ਮੁਕਾਬਲੇ ਘੱਟ ਗਿਣਤੀ ਵਿਚ ਵਧੇ ਹਨ | ਬੀਤੇ 24 ਘੰਟਿਆਂ ਵਿਚ 63 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ | ਜਿਹਨਾਂ ਵਿਚੋਂ 60 ਮਰੀਜ਼ਾਂ ਵਿਚ ਕੋਵਿਡ-19 (ਕਰੋਨਾ ਵਾਇਰਸ ) ਦੀ ਪੁਸ਼ਟੀ ਹੋਈ ਹੈ; ਜਦੋਂਕਿ 3 ਮਰੀਜ਼ਾਂ ਵਿਚ ਲੱਛਣ ਕੋਵਿਡ 19 ਨਾਲ ਮਿਲਦੇ ਜੁਲਦੇ ਹਨ।
ਸਿਹਤ ਮਹਿਕਮੇ ਦੇ ਡਾਇਰੈਕਟਰ ਜਰਨਲ ਡਾਕਟਰ ਐਸਲੇ ਬਲੂਮਫਿਲਡ ਅਨੁਸਾਰ ਨਿਊਜ਼ੀਲੈਂਡ ਵਿਚ ਹੁਣ ਕੁੱਲ ਮਰੀਜ਼ਾਂ ਦੀ ਗਿਣਤੀ 514 ਹੋ ਗਈ ਹੈ | ਦੂਸਰੇ ਪਾਸੇ ਹੁਣ ਤੱਕ 56 ਮਰੀਜ਼ ਠੀਕ ਵੀ ਹੋਏ ਹਨ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿਡਾ ਆਰਡਰਨ ਦੇ ਅਨੁਸਾਰ ਕੋਰੋਨਾ ਕਾਰਨ ਪਹਿਲੀ ਮੌਤ ਹੁਣ ਤੱਕ ਦੇ ਸਾਰੇ ਸਿਲਸਿਲੇ ਦਾ ਸੋਗਮਈ ਪਹਿਲੂ ਹੈ ਕਿ ਅਸੀਂ ਇਸ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਆਪਣੇ ਮੁਲਕ ਦੇ ਇੱਕ ਮਰੀਜ਼ ਨੂੰ ਖੋਹ ਲਿਆ ਹੈ |
ਉਹਨਾਂ ਇਹ ਵੀ ਕਿਹਾ ਕਿ ਇਹੀ ਸਾਨੂੰ ਸਾਰੇ ਮੁਲਕ ਵਾਸੀਆਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਲੌਕਡਾਊਨ ਸਾਡੇ ਲਈ ਇਸ ਮੌਕੇ ਕਿੰਨਾ ਜ਼ਰੂਰੀ ਹੈ ਤਾਂ ਕਿ ਅਸੀਂ ਵੱਧ ਤੋਂ ਵੱਧ ਕੀਮਤੀ ਜਾਨਾਂ ਬਚਾ ਸਕੀਏ।
ਸਿਹਤ ਮਹਿਕਮੇ ਅਨੁਸਾਰ ਸਰਕਾਰ ਵਲੋਂ ਹੁਣ ਤੱਕ ਔਸਤਨ 1786 ਲੋਕਾਂ ਦੇ ਰੋਜ਼ਾਨਾ ਟੈਸਟ ਕੀਤੇ ਜਾ ਰਹੇ ਹਨ ਤੇ ਅਗਲੇ ਕੁਝ ਹਫ਼ਤੇ ਰੋਜ਼ ਇਸ ਔਸਤ ਦਰ ਵਿਚ ਵਾਧਾ ਕੀਤਾ ਜਾ ਰਿਹਾ ਹੈ | ਇਸਤੋਂ ਇਲਾਵਾ ਸਿਹਤ ਮਹਿਕਮੇ ਵਲੋਂ ਆਪਣੇ ਜਿਲਾ ਹੈਲਥ ਬੋਰਡ ਨਾਲ ਸਬੰਧਿਤ 41 ਮਰੀਜ਼ਾਂ ਨੂੰ ਵੀ ਇਕਾਂਤਵਾਸ (ਸੈਲਫ ਆਈਸੋਲੇਸ਼ਨ )ਵਿਚ ਰੱਖਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਦਫਤਰ ਅਨੁਸਾਰ ਛੇ ਅਪ੍ਰੈਲ ਤੋਂ ਬਾਅਦ ਹਰ ਦਿਨ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਜਾਵੇਗੀ | ਜਿਸ ਲਈ ਇਸ ਮੌਕੇ ਲੋਕਾਂ ਦਾ ਘਰਾਂ ਵਿਚ ਰਹਿਣਾ ਅਤਿ ਜ਼ਰੂਰੀ ਹੈ , ਤਾਂ ਕਿ ਸਮੁਚੇ ਸੰਸਾਰ ਸਾਹਮਣੇ ਨਿਊਜ਼ੀਲੈਂਡ ਵਲੋਂ ਇੱਕ ਉਤਸ਼ਾਹਜਨਕ ਉਦਾਹਰਣ ਪੇਸ਼ ਕੀਤੀ ਜਾ ਸਕੇ।