ਅਮਰੀਕਾ ’ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ। ਸਿਹਤ ਅਧਿਕਾਰੀਆਂ ਨੇ ਸਨਿੱਚਰਵਾਰ 29 ਫ਼ਰਵਰੀ ਨੂੰ ਦੱਸਿਆ ਕਿ ਪਹਿਲੇ ਚਾਰ ਮਾਮਲਿਆਂ ਦਾ ਪਤਾ ਚੱਲਣ ਤੋਂ ਬਾਅਦ ਵਾਸ਼ਿੰਗਟਨ ਰਾਜ ਵਿੱਚ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਇਹ ਘਟਨਾ ਕਿੰਗ ਕਾਊਂਟੀ ਦੀ ਹੈ; ਜੋ ਸੂਬੇ ਦਾ ਸਭ ਤੋਂ ਵੱਧ ਆਬਾਦੀ ਵਾਲਾ ਇਲਾਕਾ ਹੈ; ਜਿਸ ਦੀ ਆਬਾਦੀ 7 ਲੱਖ ਤੋਂ ਵੱਧ ਹੈ ਪਰ ਹਾਲੇ ਮ੍ਰਿਤਕ ਮਰੀਜ਼ ਦੀ ਸ਼ਨਾਖ਼ਤ ਜੱਗ–ਜ਼ਾਹਿਰ ਨਹੀਂ ਕੀਤੀ ਗਈ।
ਉੱਧਰ ਅਮਰੀਕੀ ਸਿਹਤ ਅਧਿਕਾਰੀਆਂ ਨੇ ਕਿਸੇ ਅਣਪਛਾਤੇ ਸਰੋਤ ਤੋਂ ਕੋਰੋਨਾ ਵਾਇਰਸ ਦੀ ਲਾਗ ਦਾ ਚੌਥਾ ਮਾਮਲਾ ਦਰਜ ਕੀਤਾ ਹੈ। ਸਾਹਮਣੇ ਆ ਰਹੇ ਇਨ੍ਹਾਂ ਮਾਮਲਿਆਂ ਤੋਂ ਇਸ ਬੀਮਾਰੀ ਦੇ ਅਮਰੀਕਾ ’ਚ ਵੀ ਫੈਲਣ ਦਾ ਸੰਕੇਤ ਮਿਲਦਾ ਹੈ।
ਸਥਾਨਕ ਅਧਿਕਾਰੀਆਂ ਨੇ ਮਰੀਜ਼ ਬਾਰੇ ਵਿਸਤ੍ਰਿਤ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਗਿਆ ਵਾਸ਼ਿੰਗਟਨ ਸੂਬੇ ’ਚ ਪਿੱਛੇ ਜਿਹੇ ਇੱਕ ਨਾਬਾਲਗ਼ ਲੜਕਾ ਸੰਭਾਵੀ ਤੌਰ ’ਤੇ ਕੋਰੋਨਾ ਵਾਇਰਸ ਦੀ ਛੂਤ ਤੋਂ ਪ੍ਰਭਾਵਿਤ ਪਾਇਆ ਗਿਆ ਸੀ।
ਵਾਸ਼ਿੰਗਟਨ ਸੂਬੇ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਉਸ ਨਾਬਾਲਗ਼ ਨੂੰ ਸਨੋਹੋਮਿਸ਼ ’ਚ ਵੱਖਰੇ ਕਮਰੇ ’ਚ ਰੱਖਿਆ ਗਿਆ ਹੈ। ਉਹ ਜਿਸ ਸਕੂਲ ’ਚ ਪੜ੍ਹਦਾ ਹੈ, ਉਸ ਨੂੰ ਵੀ 3 ਮਾਰਚ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਓਰੇਗੌਨ ’ਚ ਅਧਿਕਾਰੀਆਂ ਨੇ ਬੀਤੀ 28 ਫ਼ਰਵਰੀ ਨੂੰ ਦੱਸਿਆ ਸੀ ਕਿ ਇੱਕ ਬਾਲਗ਼ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਤੇ ਉਸ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਸ਼ੱਕ ਹੈ। ਨਮੂਨਿਆਂ ਦੀ ਜਾਂਚ ਰਿਪੋਰਟ ਆਉਣ ਤੱਕ ਅਜਿਹੇ ਮਰੀਜ਼ ਨੂੰ ‘ਸੰਭਾਵੀ’ ਜਾਂ ‘ਸ਼ੱਕੀ’ ਦੱਸਿਆ ਜਾਂਦਾ ਹੈ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਸਭ ਤੋਂ ਵੱਧ ਲੋਕ ਕੈਲੀਫ਼ੋਰਨੀਆ ਸੂਬੇ ’ਚ ਹਨ ਤੇ ਉੱਥੇ ਸੰਭਾਵੀ ਮਰੀਜ਼ਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋ ਸਕਦੀ ਹੈ।