ਭਾਰਤ ’ਚ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਮਚੇ ਹੰਗਾਮੇ ਦੌਰਾਨ ਹੁਣ ਅਮਰੀਕੀ ਉੱਦਮੀ ਤੇ ਪੁੰਜੀ ਨਿਵੇਸ਼ਕ ਟਿਮੋਥੀ ਕੁੱਕ ਡ੍ਰੇਪਰ ਨੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਉਸ ਤੋਂ ਉਹ ਚਿੰਤਤ ਹਨ ਤੇ ਭਾਰਤ ਵਿੱਚ ਆਪਣੀਆਂ ਨਿਵੇਸ਼ ਦੀਆਂ ਯੋਜਨਾਵਾਂ ਉੱਤੇ ਉਨ੍ਹਾਂ ਨੂੰ ਗੰਭੀਰਤਾ ਨਾਲ ਸੋਚਣਾ ਪੈ ਰਿਹਾ ਹੈ।
ਦਰਅਸਲ, ਟਿਮੋਥੀ ਕੁੱਕ ਡ੍ਰੇਪਰ ਇੱਕ ਵੱਡੇ ਅਮਰੀਕੀ ਪੂੰਜੀ ਨਿਵੇਸ਼ਕ ਹਨ। ਇਸ ਦੇ ਨਾਲ ਹੀ ਉਹ ਕੁੱਕ ਡ੍ਰੇਪਰ ਫ਼ਿਸ਼ਰ ਜੁਰਵੇਤਸਨ, ਡ੍ਰੇਪਰ ਯੂਨੀਵਰਸਿਟੀ, ਡ੍ਰੇਪਰ ਵੈਂਚਰ ਨੈੱਟਵਰਕ, ਡ੍ਰੇਪਰ ਐਸੋਸੀਏਟਸ ਤੇ ਡ੍ਰੇਪਰ ਗੋਰੇਨ ਹੋਲਮ ਦੇ ਬਾਨੀ ਹਨ।
ਉਨ੍ਹਾਂ ਆਪਣੇ ਟਵੀਟ ’ਚ ਲਿਖਿਆ ਹੈ ਕਿ ਭਾਰਤ ਵਿੱਚ ਧਰਮ ਨੂੰ ਲੈ ਕੇ ਜੋ ਕੁਝ ਹੋ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ ਤੇ ਮੈਨੂੰ ਉੱਥੇ ਹੁਣ ਬਿਜ਼ਨੇਸ ਵਿੱਚ ਫ਼ੰਡ ਦੇਣ ਦੀ ਯੋਜਨਾ ਉੱਤੇ ਸੋਚਣਾ ਪੈ ਰਿਹਾ ਹੈ। ਉਨ੍ਹਾਂ ਦਾ ਅਜਿਹਾ ਬਿਆਨ ਦਰਸਾਉਂਦਾ ਹੈ ਕਿ ਉਹ ਭਾਰਤ ਵਿੱਚ ਪੂੰਜੀ ਲਾਉਣ ਤੋਂ ਹੱਥ ਪਿੱਛੇ ਖਿੱਚ ਸਕਦੇ ਹਨ।
ਦਰਅਸਲ, ਮੋਦੀ ਸਰਕਾਰ ਨੇ ਸਾਲ 2024 ਤੱਕ ਭਾਰਤੀ ਅਰਥ–ਵਿਵਸਥਾ ਦਾ ਟੀਚਾ 5 ਟ੍ਰਿਲੀਅਨ ਡਾਲਰ ਦਾ ਰੱਖਿਆ ਹੈ ਤੇ ਇਸ ਲੜੀ ’ਚ ਭਾਰਤ ਨੂੰ ਵੱਡੇ ਪੱਧਰ ਉੱਤੇ ਵਿਦੇਸ਼ੀ ਨਿਵੇਸ਼ ਦੀ ਜ਼ਰੂਰਤ ਹੈ। ਬੀਤੇ ਦਿਨੀਂ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਮਰੀਕਾ ਦੀ ਯਾਤਰਾ ਉੱਤੇ ਗਏ ਸਨ, ਤਦ ਉਨ੍ਹਾਂ ਉੱਥੋਂ ਦੇ ਨਿਵੇਸ਼ਕਾਂ ਨੂੰ ਭਾਰਤ ਵਿੱਚ ਕਾਰੋਬਾਰੀ ਲਈ ਸੱਦਾ ਦਿੱਤਾ ਸੀ।
ਸ੍ਰੀ ਮੋਦੀ ਦੀ ਅਪੀਲ ਕਾਰਨ ਅਮਰੀਕੀ ਪੂੰਜੀ ਨਿਵੇਸ਼ਕ ਹੁਣ ਭਾਰਤ ਵੱਲ ਆ ਰਹੇ ਹਨ ਪਰ ਅੱਜ–ਕੱਲ੍ਹ ਜਿਸ ਤਰ੍ਹਾਂ CAA ਵਿਰੋਧੀ ਰੋਸ ਮੁਜ਼ਾਹਰੇ ਹੋ ਰਹੇ ਹਨ; ਉਨ੍ਹਾਂ ਕਾਰਨ ਦੇਸ਼ ਦੀ ਅਰਥ–ਵਿਵਸਥਾ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਹੈ।