ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੇਸਬੁੱਕ ਦਾ ਜਨਮਦਾਤਾ: ਮਾਰਕ ਜ਼ਕਰਬਰਗ

ਫੇਸਬੁੱਕ ਦਾ ਜਨਮਦਾਤਾ: ਮਾਰਕ ਜ਼ਕਰਬਰਗ

ਅੱਜ ਦੀ ਸਮਾਜਿਕ ਜ਼ਿੰਦਗੀ ਸੰਪਰਕਤਾ ਦੇ ਲਿਹਾਜ਼ ਨਾਲ ਆਪਣੀ ਸੀਮਾ ਨੂੰ ਛੋਹ ਰਹੀ ਹੈ। ਇਸ ਵਿੱਚ 'ਫੇਸਬੁੱਕ' ਦਾ ਜਿੰਨਾ ਵੱਡਾ ਯੋਗਦਾਨ ਹੈ, ਉਨਾਂ ਸ਼ਾਇਦ ਹੋਰ ਕਿਸੇ ਗਤੀਵਿਧੀ ਦਾ ਨਹੀਂ ਹੈ। ਇਸ ਦੇ ਮਾਧਿਅਮ ਨਾਲ ਲੋਕ ਆਪਸ ਵਿੱਚ ਜੁੜਦੇ ਹਨ, ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹਨ, ਆਪਣੀਆਂ ਭਾਵਨਾਵਾਂ ਪ੍ਰਸਾਰਿਤ ਕਰਦੇ ਹਨ। ਇਸ ਤੋਂ ਪਿੱਛੋਂ ਪਸੰਦ ਅਤੇ ਟਿੱਪਣੀਆਂ ਦਾ ਦੌਰ ਸ਼ੁਰੂ ਹੁੰਦਾ ਹੈ। ਇਹ ਸਭ ਕੁਝ ਬੜਾ ਦਿਲਚਸਪ ਅਤੇ ਰੋਮਾਂਚਿਕ ਹੈ। ਇਹਦੇ ਬਹੁਤ ਸਾਰੇ ਚੰਗੇਰੇ ਪੱਖ ਹਨ। ਪਰ ਕਲਪਨਾ ਕਰੋ, ਜੇ ਇੱਕ ਯੁਵਕ ਮਾਰਕ ਜ਼ਕਰਬਰਗ (ਜਨਮ 14 ਮਈ, 1984) ਨੇ ਇਸ ਗੱਲ ਦਾ ਸੁਪਨਾ ਨਾ ਵੇਖਿਆ ਹੁੰਦਾ, ਤਾਂ ਅੱਜ ਪੂਰੀ ਦੁਨੀਆਂ ਇਸ ਤੋਂ ਵਿਹੂਣੀ ਹੁੰਦੀ। ਮਾਰਕ ਨੇ ਆਪਣੇ ਸੁਪਨੇ 'ਫੇਸਬੁੱਕ' ਨੂੰ ਸਾਕਾਰ ਕਰਨ ਲਈ ਬਹੁਤ ਸੰਘਰਸ਼ ਕੀਤਾ। 

 

 

         ਜਿਸ ਅਨੁਪਾਤ ਵਿੱਚ ਮਾਰਕ ਜ਼ਕਰਬਰਗ ਦੀ ਲੋਕਪ੍ਰਿਅਤਾ ਵਧੀ ਸੀ, ਉਸੇ ਅਨੁਪਾਤ ਵਿੱਚ ਉਹਦੇ ਵਿਰੁੱਧ ਵਿਵਾਦ ਵੀ ਖੜ੍ਹੇ ਹੁੰਦੇ ਜਾ ਰਹੇ ਸਨ। ਕਈ ਤਰ੍ਹਾਂ ਦੇ ਕਾਨੂੰਨੀ ਮੁਕੱਦਮੇ ਫੇਸਬੁੱਕ ਦੇ ਖ਼ਿਲਾਫ਼ ਅਦਾਲਤਾਂ ਵਿੱਚ ਵਿਚਾਰ- ਅਧੀਨ ਸਨ। ਇਨ੍ਹਾਂ 'ਚੋਂ ਸਭ ਤੋਂ ਪਹਿਲਾ ਮੁਕੱਦਮਾ ਤਾਂ ਉਦੋਂ ਹੀ ਲੱਗ ਗਿਆ ਸੀ, ਜਦੋਂ ਫੇਸਬੁੱਕ ਦੀ ਉਮਰ ਸਿਰਫ਼ ਛੇ ਦਿਨਾਂ ਦੀ ਸੀ। ਇਹ ਆਰੋਪ ਫੇਸਬੁੱਕ ਦੀ ਯੋਜਨਾ ਤੇ ਮਾਰਕ ਨਾਲ ਆਏ ਪੁਰਾਣੇ ਸਾਥੀਆਂ ਵੱਲੋਂ ਲਾਏ ਗਏ ਸਨ।ਵਿੰਕਲ ਵਾਸ ਬੰਧੂ ਅਤੇ ਦਿਵਯ ਨਰੇਂਦਰ, ਜੋ ਇੱਕ ਸਮੇਂ ਹਾਰਵਰਡ ਕੁਨੈਕਸ਼ਨ ਦੀ ਯੋਜਨਾ ਵਿੱਚ ਮਾਰਕ ਦਾ ਸਾਥ ਦੇ ਰਹੇ ਸਨ ਅਤੇ ਵਿਚਾਰਾਂ ਦੇ ਮੱਤਭੇਦ ਕਰਕੇ ਵੱਖ ਹੋ ਗਏ ਸਨ, ਨੇ ਮਾਰਕ ਜ਼ਕਰਬਰਗ ਤੇ ਇਹ ਦੋਸ਼ ਲਾਇਆ ਕਿ ਉਸ ਨੇ ਫੇਸਬੁੱਕ ਦੀ ਯੋਜਨਾ ਨੂੰ ਹਾਰਵਰਡ ਕੁਨੈਕਸ਼ਨ ਦੀ ਯੋਜਨਾ ਤੋਂ ਚੁਰਾਇਆ ਸੀ। ਫੇਸਬੁੱਕ ਵਿੱਚ ਜਿਸ ਤਕਨੀਕ ਅਤੇ ਸਾਫਟਵੇਅਰ ਦੀ ਵਰਤੋਂ ਹੋਈ ਹੈ ਉਹ ਸਾਂਝੀ ਮਲਕੀਅਤ ਸੀ।

 

 

        ਸ਼ੁਰੂ ਵਿੱਚ ਮਾਰਕ ਜ਼ਕਰਬਰਗ ਨੇ ਇਸ ਦੋਸ਼ ਵੱਲ ਕੋਈ ਧਿਆਨ ਨਹੀ ਦਿੱਤਾ। ਬੇਸ਼ੱਕ ਇਹ ਵਿਵਾਦ ਚਰਚਾ ਦਾ ਵਿਸ਼ਾ ਬਣ ਗਿਆ ਕਿ ਫੇਸਬੁੱਕ ਦਾ ਅਸਲੀ ਨਿਰਮਾਤਾ ਕੌਣ ਹੈ। ਕੁਝ ਲੋਕਾਂ ਨੇ ਇਸ ਸਾਫਟਵੇਅਰ ਦਾ ਅਸਲੀ ਪ੍ਰੋਡਿਊਸਰ ਭਾਰਤੀ ਮੂਲ ਦੇ ਦਿਵਯ ਨਰੇਂਦਰ ਨੂੰ ਹੀ ਮੰਨਿਆ। ਖੁਦ ਦਿਵਯ ਨਰੇਂਦਰ ਨੇ ਹਾਰਵਰਡ ਕ੍ਰਿਮੀਸਨ ਅਖ਼ਬਾਰ ਵਿੱਚ ਇਹ ਦਾਅਵਾ ਕੀਤਾ ਸੀ। ਵਿੰਕਲਵਾਸ ਬੰਧੂ ਵੀ ਦਿਵਯ ਨਰੇਂਦਰ ਨਾਲ ਆ ਗਿਆ। ਦਿਵਯ ਨਰੇਂਦਰ ਨੇ ਸਪਸ਼ਟ ਕਿਹਾ ਸੀ ਕਿ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਹਾਰਵਰਡ ਕੁਨੈਕਸ਼ਨ ਦੇ ਨਾਂ ਨਾਲ ਇਸ ਸਾਈਟ ਦਾ ਵਿਚਾਰ ਬਣਾਇਆ ਸੀ ਅਤੇ ਮਾਰਕ ਜ਼ਕਰਬਰਗ ਦੀਆਂ ਤਕਨੀਕੀ ਯੋਗਤਾਵਾਂ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਸਹਿਯੋਗੀ ਦੇ ਰੂਪ ਵਿੱਚ ਪ੍ਰਾਜੈਕਟ ਵਿਚ ਸ਼ਾਮਿਲ ਕੀਤਾ ਸੀ। ਮਾਰਕ ਜ਼ਕਰਬਰਗ ਨੇ ਪ੍ਰਾਜੈਕਟ ਦੀਆਂ ਸਾਰੀਆਂ ਮੁੱਢਲੀਆਂ ਜਾਣਕਾਰੀਆਂ ਲੈ ਕੇ ਖੁਦ ਨੂੰ ਪ੍ਰਾਜੈਕਟ ਤੋਂ ਵੱਖ ਕਰ ਲਿਆ ਅਤੇ ਪਿੱਛੋਂ ਇਹਨੂੰ ਆਪਣੇ ਨਾਂ ਹੇਠ ਰਜਿਸਟਰਡ ਕਰਵਾ ਲਿਆ।

 

 

        ਇਹ ਮੁਕੱਦਮਾ ਮੀਡੀਆ ਵਿੱਚ ਖੂਬ ਛਾਇਆ ਰਿਹਾ। ਮਾਰਕ ਆਪਣੇ ਕੰਮ ਵੱਲ ਧਿਆਨ ਦਿੰਦਾ ਰਿਹਾ ਅਤੇ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਰਿਹਾ। ਉਹਨੇ ਅਜਿਹੇ ਵਿਵਾਦਾਂ ਤੋਂ ਬਚੇ ਰਹਿਣ ਲਈ ਸਮਝੌਤੇ ਦਾ ਰਾਹ ਚੁਣਿਆ ਅਤੇ ਨਾਰਾਜ਼ ਸਾਥੀਆਂ ਨੂੰ ਸਾਢੇ ਛੇ ਕਰੋੜ ਡਾਲਰ ਦੀ ਭਾਰੀ ਰਕਮ ਦੇ ਕੇ ਇਸ ਵਿਵਾਦ ਨੂੰ ਖਤਮ ਕੀਤਾ। ਦਿਵਯ ਨਰੇਂਦਰ ਇਸ ਰਕਮ ਤੋਂ ਸੰਤੁਸ਼ਟ ਨਹੀਂ ਸੀ, ਕਿਉਂਕਿ ਅੱਜ ਫੇਸਬੁੱਕ ਆਈ.ਟੀ. ਖੇਤਰ ਦੀ ਸੋਨੇ ਦੀ ਖਾਣ ਹੈ ਅਤੇ ਇਕੱਲੇ ਜ਼ਕਰਬਰਗ ਨੂੰ ਉਹਦਾ ਮਾਲਕ ਬਣੇ ਰਹਿਣ ਦੇਣਾ ਉਹਨੂੰ ਮਨਜ਼ੂਰ ਨਹੀਂ ਸੀ, ਪਰ ਸਮਝੌਤਾ ਹੋ ਗਿਆ ਸੀ। ਕੁਝ ਲੋਕਾਂ ਦੇ ਉਕਸਾਉਣ ਤੇ ਦਿਵਯ ਨਰੇਂਦਰ ਨੇ ਫਿਰ ਤੋਂ ਅਦਾਲਤ ਦਾ ਬੂਹਾ ਖੜਕਾਇਆ, ਪਰ ਅਦਾਲਤ ਨੇ ਪਿਛਲੇ ਫੈਸਲੇ ਨੂੰ ਹੀ ਬਰਕਰਾਰ ਰੱਖਿਆ।

 

 

       ਅਜਿਹੇ ਕਈ ਛੋਟੇ- ਮੋਟੇ ਵਿਵਾਦ ਮਾਰਕ ਜ਼ਕਰਬਰਗ ਨੇ ਸਮਝੌਤੇ ਦੇ ਆਧਾਰ ਤੇ ਦੂਰ ਕੀਤੇ। ਉਹਦਾ ਵਿਚਾਰ ਸੀ ਕਿ ਕੋਰਟ ਵਿੱਚ ਸਮਾਂ ਗਵਾਉਣ ਦੀ ਥਾਂ ਤੇ ਕੁਝ ਪੈਸੇ ਦੇ ਕੇ ਵਿਵਾਦ ਤੋਂ ਬਚੇ ਰਹਿਣਾ ਚੰਗੇਰਾ ਹੈ। ਮਾਰਕ ਆਪਣੀ ਸ਼ਕਤੀ ਤੇ ਸਮੇਂ ਦਾ ਪਲ- ਪਲ ਆਪਣੇ ਉਸੇ ਡਰੀਮ-ਪ੍ਰਾਜੈਕਟ ਤੇ ਖਰਚ ਕਰਨਾ ਚਾਹੁੰਦਾ ਸੀ ਤੇ ਉਹਨੇ ਉਹੀ ਕੀਤਾ।

 

 

        ਜੇ ਸਿਰਫ਼ ਆਰਥਿਕ ਲਾਭ ਕਮਾਉਣ ਦੀ ਹੀ ਗੱਲ ਹੁੰਦੀ ਤਾਂ ਅਜਿਹੇ ਮੌਕੇ ਤਾਂ ਮਾਰਕ ਨੂੰ ਸਤਾਰਾਂ ਵਰ੍ਹਿਆਂ ਦੀ ਉਮਰ ਵਿੱਚ ਹੀ ਮਿਲ ਰਹੇ ਸਨ। ਅੱਗੇ ਚੱਲ ਕੇ ਉਹਦੀ ਕੰਪਨੀ ਨੂੰ ਖਰੀਦਣ ਲਈ ਵਿਸ਼ਵ- ਪ੍ਰਸਿੱਧ ਕੰਪਨੀਆਂ ਨੇ ਮੂੰਹਮੰਗੀ ਰਕਮ ਦੇਣ ਦੀ ਪੇਸ਼ਕਸ਼ ਵੀ ਕੀਤੀ। ਇਹ ਪੇਸ਼ਕਸ਼ਾਂ ਬਹੁਤ ਅਸਧਾਰਨ ਸਨ, ਜਿਨ੍ਹਾਂ ਨੂੰ ਅਸਵੀਕਾਰ ਕਰਨਾ ਸੌਖਾ ਨਹੀਂ ਸੀ। ਇਹ ਤਾਂ ਮਾਰਕ ਦਾ ਹੀ ਨਜ਼ਰੀਆ ਸੀ ਕਿ ਉਹਨੇ ਤੱਤਕਾਲੀ ਲਾਭ ਨੂੰ ਪਰ੍ਹੇ ਕਰਕੇ ਭਵਿੱਖ ਵਿੱਚ ਹੋਣ ਵਾਲੇ ਵੱਡੇ ਲਾਭ ਵੱਲ ਨਜ਼ਰ ਜਮਾਈ ਰੱਖੀ। ਸਿਰਫ਼ ਤੇਈ ਸਾਲ ਦੀ ਉਮਰ ਵਿੱਚ ਹੀ ਮਾਰਕ ਦੁਨੀਆਂ ਦਾ ਅਜਿਹਾ ਯੁਵਾ- ਅਰਬਪਤੀ ਬਣ ਗਿਆ ਸੀ, ਜਿਸਦੀ ਪਿੱਠਭੂਮੀ ਵਿੱਚ ਕੋਈ ਮਿਲੇਨੀਅਰ ਨਹੀਂ ਸੀ। ਮਾਰਕ ਨੇ ਆਪਣਾ ਸਿੰਘਾਸਨ ਬੜੀ ਸੂਝ- ਬੂਝ ਅਤੇ ਸਿਆਣਪ ਨਾਲ ਸਥਾਪਤ ਕੀਤਾ।

 

 

       ਕਿਹਾ ਜਾਂਦਾ ਹੈ ਕਿ ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਕੇ ਡਿੱਗਦੀਆਂ ਹਨ। ਸੂਚਨਾ- ਤਕਨਾਲੋਜੀ ਦੇ ਖੇਤਰ ਵਿੱਚ ਫੇਸਬੁੱਕ ਦੀ ਸ਼ੁਰੂਆਤ ਇੱਕ ਸਧਾਰਨ ਨਦੀ ਦੇ ਰੂਪ ਵਿੱਚ ਹੋਈ ਅਤੇ ਫਿਰ ਇਹਨੇ ਵਿੰਹਦੇ- ਵਿੰਹਦੇ ਇੱਕ ਸਮੁੰਦਰ ਦਾ ਰੂਪ ਧਾਰਨ ਕਰ ਲਿਆ, ਜਿਸ ਵਿੱਚ ਕਈ ਛੋਟੀਆਂ- ਵੱਡੀਆਂ ਕੰਪਨੀਆਂ ਨਦੀ ਬਣ ਕੇ ਸਮਾ ਗਈਆਂ। ਗੂਗਲ, ਯਾਹੂ ਅਤੇ ਮਾਈਕ੍ਰੋਸਾਫਟ ਤਾਂ ਵੱਡੀਆਂ ਨਦੀਆਂ ਮੰਨੀਆਂ ਜਾਂਦੀਆਂ ਸਨ, ਪਰ ਆਖਰਕਾਰ ਇਨ੍ਹਾਂ ਨੇ ਵੀ ਆਪਣੀ ਛੋਟੀ- ਛੋਟੀ ਨਿਵੇਸ਼ਧਾਰਾ ਦੇ ਰੂਪ ਵਿੱਚ ਫੇਸਬੁੱਕ ਦੀ ਪ੍ਰਭੁਤਾ ਨੂੰ ਸਵੀਕਾਰ ਕੀਤਾ। ਫੇਸਬੁੱਕ ਦੀ ਮਹੱਤਤਾ ਉਦੋਂ ਹੋਰ ਵੀ ਵਧ ਗਈ, ਜਦੋਂ ਏ.ਓ.ਐੈੱਲ. ਵਰਗੀ ਵੱਡੀ ਕੰਪਨੀ ਨੂੰ ਵੀ ਮਾਰਕ ਜ਼ਕਰਬਰਗ ਤੋਂ ਇਸ ਖੇਤਰ ਵਿੱਚ ਖਤਰਾ ਪ੍ਰਤੀਤ ਹੋਣ ਲੱਗਿਆ।

 

 

       ਸਾਲ 2008 ਤੱਕ ਫੇਸਬੁੱਕ ਨੇ ਜਿਸ ਰਫਤਾਰ ਨਾਲ ਸਫਲਤਾ ਦੀ ਟੀਸੀ ਨੂੰ ਛੋਹਿਆ ਸੀ, ਉਹ ਆਪਣੇ- ਆਪ ਵਿੱਚ ਹੈਰਾਨਕੁੰਨ ਸਫਲਤਾ ਸੀ। ਭੌਤਿਕ- ਰੂਪ ਵਿੱਚ ਫੇਸਬੁੱਕ ਨੇ ਇਸੇ ਸਾਲ ਅੰਤਰਰਾਸ਼ਟਰੀ ਪੱਧਰ ਤੇ ਆਪਣਾ ਵਿਸਥਾਰ ਕੀਤਾ ਅਤੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੁੱਖ ਦਫ਼ਤਰ ਆਇਰਲੈਂਡ ਦੇ ਡਬਲਿਨ ਸ਼ਹਿਰ ਵਿੱਚ ਸਥਾਪਤ ਕੀਤਾ। 23 ਜੁਲਾਈ ਨੂੰ ਮਾਰਕ ਨੇ ਫੇਸਬੁੱਕ ਪਲੇਟਫਾਰਮ ਦਾ ਸੋਧਿਆ ਹੋਇਆ ਸੰਸਕਰਨ 'ਫੇਸਬੁੱਕ ਕਨੈਕਟ' ਆਪਣੇ ਉਪਭੋਗਤਾਵਾਂ ਨੂੰ ਸਮਰਪਿਤ ਕੀਤਾ।

 

 

         ਹੁਣ ਤੱਕ ਫੇਸਬੁੱਕ ਘਾਟੇ ਵਿੱਚ ਚੱਲ ਰਹੀ ਸੀ, ਜਦਕਿ ਇਸ ਦੀ ਲੋਕਪ੍ਰਿਅਤਾ ਆਈ.ਟੀ. ਖੇਤਰ ਵਿੱਚ ਲਗਾਤਾਰ ਵੱਧ ਰਹੀ ਸੀ। ਜਨਵਰੀ 2009 ਦੇ ਸ਼ੁਰੂ ਵਿੱਚ ਇੱਕ ਸਰਵੇਖਣ ਤੋਂ ਪਤਾ ਲੱਗਿਆ ਕਿ ਫੇਸਬੁੱਕ ਦੁਨੀਆਂ ਦੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਸੋਸ਼ਲ ਨੈੱਟਵਰਕਿੰਗ ਸਾਈਟ ਹੈ। ਇਸ ਸਰਵੇ ਦੇ ਨਾਲ ਹੀ ਫੇਸਬੁੱਕ ਦੀ ਆਰਥਿਕ ਪ੍ਰਗਤੀ ਵੀ ਸ਼ੁਰੂ ਹੋਈ। ਹੁਣ ਤੱਕ ਘਾਟੇ ਵਿਚ ਚੱਲ ਰਹੀ ਕੰਪਨੀ ਫਾਇਦੇ ਵੱਲ ਵਧਣ ਲੱਗੀ। ਸਤੰਬਰ 2009 ਵਿੱਚ ਵਿੱਤੀ ਅੰਕੜਿਆਂ ਦੇ ਲਿਹਾਜ਼ ਨਾਲ ਫੇਸਬੁੱਕ ਵੱਡਾ ਮੁਨਾਫਾ ਕਮਾਉਣ ਵਾਲੀ ਕੰਪਨੀ ਬਣ ਗਈ। ਇਸ ਖੇਤਰ ਦੀਆਂ ਕੰਪਨੀਆਂ ਅਜੇ ਤੱਕ ਫੇਸਬੁੱਕ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਪਰ ਹੁਣ  ਸਥਿਤੀ ਇਹ ਸੀ ਕਿ ਫੇਸਬੁੱਕ ਨੇ ਛੋਟੀਆਂ ਕੰਪਨੀਆਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ।

 

 

       ਇਸ ਦਿਸ਼ਾ ਵਿੱਚ ਫੇਸਬੁੱਕ ਨੇ ਸਭ ਤੋਂ ਪਹਿਲਾਂ ਅਗਸਤ 2009 ਵਿੱਚ 'ਫਰੈਂਡ ਫੀਡ' ਨਾਂ ਦੀ ਕੰਪਨੀ ਨੂੰ ਖਰੀਦਿਆ। ਫੇਸ- ਬੁੱਕ ਨੂੰ ਇਸ ਕੰਪਨੀ ਨੂੰ ਖਰੀਦਣ ਲਈ 1.5 ਮਿਲੀਅਨ ਡਾਲਰ ਕੈਸ਼ ਅਤੇ 32.5 ਮਿਲੀਅਨ ਡਾਲਰ ਸ਼ੇਅਰ ਖਰਚ ਕਰਨੇ ਪਏ। ਪਰ ਇਸ ਸ਼ੁਰੂਆਤ ਨੇ ਅੰਤਰਰਾਸ਼ਟਰੀ ਪੱਧਰ ਤੇ ਫੇਸਬੁੱਕ ਦੀ ਧਾਕ ਜਮਾ ਦਿੱਤੀ ਅਤੇ ਸਾਰੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ। ਇਹ ਕੋਈ ਚਾਣਚੱਕ ਸ਼ੁਰੂਆਤ ਨਹੀਂ ਸੀ, ਸਗੋਂ ਇਹਦੇ ਪਿੱਛੇ ਇੱਕ ਯੁਵਾ- ਸੋਚ ਦਾ ਸੰਘਰਸ਼ ਸੀ, ਜਿਸਨੇ ਕਈ ਵਾਰ ਮੁਸ਼ਕਿਲ ਹਾਲਾਤ ਵਿੱਚ ਵੀ ਹਿੰਮਤ ਨਹੀਂ ਸੀ ਹਾਰੀ।

 

 

        ਲੋਕਾਂ ਵਿੱਚ ਮਾਰਕ ਜ਼ਕਰਬਰਗ ਚਰਚਾ ਦਾ ਵਿਸ਼ਾ ਬਣ ਗਿਆ। ਉਹਦੇ ਜੀਵਨ ਨਾਲ ਸੰਬੰਧਿਤ ਗੱਲਾਂ ਨੂੰ ਜਾਣਨ ਦੀ ਲੋਕਾਂ ਵਿੱਚ ਰੁਚੀ ਵਧ ਗਈ। ਉਹ ਕੀ ਖਾਂਦਾ ਹੈ, ਕੀ ਸੋਚਦਾ ਹੈ, ਨਿੱਜੀ ਜੀਵਨ ਵਿੱਚ ਉਹਦਾ ਵਿਵਹਾਰ ਕਿਹੋ ਜਿਹਾ ਹੈ - ਇਹ ਸਭ ਕੁਝ ਜਾਣਨ ਦੀ ਲੋਕਾਂ ਵਿੱਚ ਉਤਸੁਕਤਾ ਸੀ। ਲੇਖਕਾਂ/ ਪ੍ਰਕਾਸ਼ਕਾਂ ਲਈ ਮਾਰਕ ਜ਼ਕਰਬਰਗ 'ਹਾਟ' ਸਬਜੈਕਟ ਬਣ ਗਿਆ ਅਤੇ ਉਹਦੇ ਜੀਵਨ ਤੇ ਆਧਾਰਤ ਬਹੁਤ ਸਾਰੀ ਪੜ੍ਹਨ- ਸਮੱਗਰੀ ਬਾਜ਼ਾਰ ਵਿੱਚ ਧੜਾਧੜ ਆਉਣ ਲੱਗੀ। ਉਹਦੇ ਸੁਭਾਅ ਅਤੇ ਵਤੀਰੇ ਨਾਲ ਸਬੰਧਤ ਦਿਲਚਸਪ ਗੱਲਾਂ ਸਾਹਮਣੇ ਆਈਆਂ, ਜਿਨ੍ਹਾਂ 'ਚੋਂ ਕੁਝ ਇੱਕ ਦਾ ਵਰਣਨ ਪ੍ਰਾਸੰਗਿਕ ਜਾਪਦਾ ਹੈ

 

:

      ਮਾਰਕ ਜ਼ਕਰਬਰਗ ਵਿਲੱਖਣ ਬੁੱਧੀ ਦਾ ਮਾਲਕ ਹੈ- ਇਸ ਗੱਲ ਵਿਚ ਜ਼ਰਾ ਵੀ ਸ਼ੱਕ ਨਹੀਂ। ਇੱਕ ਸੁਪਰ ਕੰਪਿਊਟਰ ਜਿਹੀ ਵਿਕਸਿਤ ਕਾਰਜ- ਪ੍ਰਣਾਲੀ ਹੀ ਉਹਦੀ ਕਾਰਜਸ਼ੈਲੀ ਹੈ। ਫਿਰ ਵੀ ਨਿੱਜੀ ਤੌਰ ਤੇ ਮਾਰਕ ਇੱਕ ਸ਼ਰਮੀਲਾ ਯੁਵਕ ਹੈ। ਬੇਸ਼ੱਕ ਕਾਲਜ ਵੇਲੇ ਉਹ ਪਾਰਟੀਆਂ ਵਿਚ ਜਾਂਦਾ ਰਿਹਾ ਹੈ, ਪਰ ਉੱਥੇ ਵੀ ਉਹਦਾ ਵਤੀਰਾ ਬਹੁਤਾ ਖੁੱਲ੍ਹਾ ਨਹੀਂ ਸੀ, ਜਿਵੇਂ ਕਿ ਆਮ ਤੌਰ ਤੇ ਅਮਰੀਕੀ ਮੁੰਡਿਆਂ ਦਾ ਹੁੰਦਾ ਹੈ। ਉਹਦੀ ਜ਼ਿੰਦਗੀ ਵਿੱਚ ਆਈ ਪ੍ਰਿਸਿਲਾ ਚਾਨ ਪਹਿਲੀ ਤੇ ਆਖਰੀ ਲੜਕੀ ਹੈ, ਜਿਸ ਨਾਲ ਉਹਨੇ 2010 ਵਿੱਚ ਸ਼ਾਦੀ ਕੀਤੀ।

 

 

      ਮਾਰਕ ਜ਼ਕਰਬਰਗ ਮੀਡੀਆ ਤੋਂ ਦੂਰੀ ਬਣਾ ਕੇ ਰੱਖਦਾ ਹੈ। ਆਪਣੇ ਨਵੇਂ ਸਾਫਟਵੇਅਰ ਜਾਂ ਕਿਸੇ ਫੀਚਰ ਬਾਰੇ ਉਹ ਆਪਣੇ ਉਪਭੋਗਤਾਵਾਂ ਨੂੰ ਆਪਣੇ ਹੀ ਸਿਸਟਮ ਰਾਹੀਂ ਜਾਣੂੰ ਕਰਵਾ ਦਿੰਦਾ ਹੈ। ਫਿਰ ਵੀ ਬਹੁਤ ਕੋਸ਼ਿਸ਼ਾਂ ਨਾਲ ਮੀਡੀਆ- ਕਰਮੀ ਉਹਦੀ ਇੰਟਰਵਿਊ ਲੈਣ ਵਿਚ ਸਫ਼ਲ ਹੋਏ ਹਨ। ਉਹਦੇ ਵਿਸ਼ੇ ਤਕਨਾਲੋਜੀ ਹੀ ਰਹੇ ਹਨ। ਹੋਰ ਕਿਸੇ ਵਿਸ਼ੇ ਬਾਰੇ ਮਾਰਕ ਘੱਟ ਹੀ ਬੋਲਦਾ ਹੈ। ਆਪਣੀ ਪਹਿਲੀ ਮੀਡੀਆ- ਇੰਟਰਵਿਊ ਵਿੱਚ ਤਾਂ ਮਾਰਕ ਕੈਮਰੇ ਮੂਹਰੇ ਪਸੀਨੋਂ- ਪਸੀਨੀ ਹੋ ਗਿਆ ਸੀ।

 

 

     ਉਸ ਤੋਂ ਜਦੋਂ ਪੁੱਛਿਆ ਜਾਂਦਾ ਹੈ ਕਿ ਉਹਦੀ ਰੁਚੀ ਕੀ ਹੈ, ਤਾਂ ਉਹ ਸਿਰਫ ਸਾਫਟਵੇਅਰ ਪ੍ਰੋਗਰਾਮਰ ਦੇ ਰੂਪ ਵਿੱਚ ਹੀ ਖੁਦ ਨੂੰ ਪੇਸ਼ ਕਰਦਾ ਹੈ। ਕੰਪਿਊਟਰ- ਟੈਕਨਾਲੋਜੀ ਨਾਲ ਜੁੜੇ ਕਿਸੇ ਵੀ ਪ੍ਰਸ਼ਨ ਦਾ ਉੱਤਰ ਦਿੰਦੇ ਸਮੇਂ ਮਾਰਕ ਬਹੁਤ ਸਹਿਜ ਰਹਿੰਦਾ ਹੈ, ਪਰ  ਕਿਸੇ ਨਿੱਜੀ ਸਵਾਲ ਤੇ ਉਹ ਅਸਹਿਜ ਹੋ ਜਾਂਦਾ ਹੈ। ਉਹਦੇ ਦੋਸਤਾਂ ਮੁਤਾਬਕ, ਉਨ੍ਹਾਂ ਵਿਚਾਲੇ ਵਧੇਰੇ ਗੱਲਬਾਤ ਦਾ ਵਿਸ਼ਾ ਪ੍ਰੋਗਰਾਮਿੰਗ ਹੀ ਹੁੰਦਾ ਹੈ। ਨਿੱਜੀ ਜੀਵਨ ਦੇ ਵਿਸ਼ੇ ਬਾਰੇ ਮਾਰਕ ਨੇ ਕਿਸੇ ਨਾਲ ਗੰਭੀਰ ਗੱਲਬਾਤ ਕੀਤੀ ਹੋਵੇ- ਅਜਿਹਾ ਕੋਈ ਦੋਸਤ ਸਾਹਮਣੇ ਨਹੀਂ ਆਇਆ।

 

 

      ਮਾਰਕ ਜ਼ਕਰਬਰਗ ਦੀ ਸ਼ਖ਼ਸੀਅਤ ਦੀ ਇੱਕ ਵਿਲੱਖਣਤਾ ਹੈ- ਜਗਿਆਸੂ ਪ੍ਰਵਿਰਤੀ। ਜਗਿਆਸਾ ਉਹ ਗੁਣ ਹੈ, ਜਿਸ ਦੇ ਹੋਣ ਨਾਲ ਹਰ-ਪਲ ਕੁਝ ਨਵਾਂ ਵਾਪਰਨ ਦੀ ਸੰਭਾਵਨਾ ਲਗਾਤਾਰ ਬਣੀ ਰਹਿੰਦੀ ਹੈ। ਵਿਦਵਾਨਾਂ ਨੇ ਵੀ ਕਿਹਾ ਹੈ ਕਿ ਇਸ ਭੌਤਿਕ ਸੰਸਾਰ ਵਿੱਚ ਜਗਿਆਸੂ ਹੋਣਾ ਸਰਵੋਤਮ ਗੁਣ ਹੈ। ਕਿਉਂਕਿ ਇਸੇ ਦੇ ਮਾਧਿਅਮ ਨਾਲ ਮਾਨਵ, ਮਹਾਂਮਾਨਵ ਬਣਨ ਵੱਲ ਵਧਦਾ ਹੈ। ਗਿਆਨ ਪ੍ਰਾਪਤ ਕਰਦੇ ਰਹਿਣਾ ਹੀ ਮਨੁੱਖ ਦਾ ਗੁਣ ਹੋਣਾ ਚਾਹੀਦਾ ਹੈ ਅਤੇ ਉਂਜ ਵੀ ਮਨੁੱਖ ਦੀ ਗਿਆਨ- ਪ੍ਰਾਪਤੀ ਸੀਮਾ ਦਾ ਕੋਈ ਅੰਤ ਨਹੀਂ ਹੁੰਦਾ। ਜ਼ਕਰਬਰਗ ਵਿਗਿਆਨ, ਪੁਲਾੜ- ਵਿਗਿਆਨ ਅਤੇ ਸਾਹਿਤ ਵਰਗੇ ਵਿਸ਼ਿਆਂ ਤੋਂ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਰਿਹਾ ਹੈ। ਪ੍ਰਸ਼ਨ ਪੁੱਛਣ ਦੀ ਉਹਦੀ ਆਦਤ ਬਚਪਨ ਤੋਂ ਹੀ ਰਹੀ ਹੈ। ਉਹ ਆਪਣੇ ਮਾਤਾ- ਪਿਤਾ ਤੋਂ ਲਗਾਤਾਰ ਸਵਾਲ ਪੁੱਛਦਾ ਰਹਿੰਦਾ ਸੀ। ਮਿਡਲ ਸਕੂਲ ਵਿੱਚ ਵੀ ਉਹਨੇ ਆਪਣੇ ਅਧਿਆਪਕਾਂ ਨੂੰ ਪ੍ਰਸ਼ਨਾਂ ਨਾਲ ਖੂਬ ਖਿਝਾਇਆ ਅਤੇ ਇਹ ਸਿਲਸਿਲਾ ਕਾਲਜ- ਪ੍ਰੋਫੈਸਰਾਂ ਨਾਲ ਵੀ ਚੱਲਦਾ ਰਿਹਾ।

 

 

       ਮਾਰਕ ਦੇ ਸੁਆਲਾਂ ਵਿੱਚ ਹਰ ਤਰ੍ਹਾਂ ਦੇ ਸਵਾਲ ਹੁੰਦੇ ਸਨ। ਕਿਸੇ ਵੀ ਪ੍ਰਸ਼ਨ ਤੇ, ਚਾਹੇ ਔਖਾ ਹੋਵੇ ਜਾਂ ਸੌਖਾ, ਮਾਰਕ ਦੇ ਪੁੱਛਣ ਦੇ ਢੰਗ ਵਿੱਚ ਸਹਿਜ ਜਗਿਆਸਾ ਦਾ ਭਾਵ ਪ੍ਰਗਟ ਹੁੰਦਾ ਸੀ। ਉਹਦੇ  ਪ੍ਰੋਫੈਸਰ ਉਹਦੇ ਇਸ ਜਗਿਆਸੂ ਸੁਭਾਅ ਤੇ ਬੜੇ ਖੁਸ਼ ਰਹਿੰਦੇ ਸਨ। ਮਾਰਕ ਉਂਜ ਤਾਂ ਸੂਚਨਾ- ਤਕਨਾਲੋਜੀ ਦਾ ਐਕਸਪਰਟ ਹੈ, ਪਰ ਉਹਦੇ ਜਗਿਆਸੂ-ਵਿਵਹਾਰ ਵਿੱਚ ਹਰ ਤਰਾਂ ਦੇ ਪ੍ਰਸ਼ਨ ਸ਼ਾਮਲ ਹੁੰਦੇ ਹਨ। ਉਹ ਅਰਥ- ਵਿਵਸਥਾ, ਵਿਸ਼ਵ- ਸ਼ਾਂਤੀ, ਸੰਸਾਰਕ ਮੰਦੀ ਅਤੇ ਰਾਜਨੀਤੀ ਜਿਹੇ ਵਿਸ਼ਿਆਂ ਤੇ ਵੀ ਗੰਭੀਰ ਚਰਚਾ ਕਰ ਸਕਦਾ ਹੈ।

 

 

      ਜ਼ਕਰਬਰਗ ਵਿੱਚ ਆਪਣੀਆਂ ਗਲਤੀਆਂ ਮੰਨਣ ਦੀ ਅਦਭੁਤ ਸ਼ਕਤੀ ਹੈ, ਜੋ ਅੱਜ ਦੇ ਸਮੇਂ ਵਿੱਚ ਇੱਕ ਦੁਰਲੱਭ ਗੁਣ ਹੈ। ਆਪਣੇ ਕੰਮ ਦੀ ਧੁਨ ਵਿੱਚ ਉਸ ਤੋਂ ਕੁਝ ਗ਼ਲਤੀ ਵੀ ਹੋ ਜਾਂਦੀ ਸੀ, ਤਾਂ ਉਹਦਾ ਪਤਾ ਲੱਗਣ ਤੇ ਉਹ ਫੌਰਨ ਸੁਧਾਰਨ ਦੀ ਕੋਸ਼ਿਸ਼ ਕਰਦਾ ਅਤੇ ਇਹ ਗੱਲ ਅੱਜ ਵੀ ਮੌਜੂਦ ਹੈ। ਫੇਸਬੁੱਕ ਨੂੰ ਨਿਰੰਤਰ ਵਿਕਾਸ ਦੇ ਮਾਰਗ ਤੇ ਲਿਜਾਣ ਵਿੱਚ ਉਹਨੇ ਕਈ ਵਾਰ ਸਮਾਜ ਦੀ ਨਿੱਜਤਾ ਵਿੱਚ ਦਖ਼ਲ ਦਿੱਤਾ, ਜਿਸ ਕਰਕੇ ਉਸ ਉੱਤੇ ਵਿਵਾਦਮਈ ਮੁਕੱਦਮੇ ਵੀ ਹੋਏ। ਅਜਿਹਾ ਹੋਣ ਤੇ ਮਾਰਕ ਨੇ ਸ਼ਰੇਆਮ ਮੁਆਫ਼ੀ ਮੰਗ ਕੇ ਆਪਣੀ ਗਲਤੀ ਸੁਧਾਰੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਮਾਰਕ ਨਿਮਰ ਸੁਭਾਅ ਦਾ ਬੰਦਾ ਹੈ, ਜੀਹਨੂੰ ਆਪਣੀ ਗਲਤੀ ਮੰਨਣ ਵਿੱਚ ਕੋਈ ਬੁਰਾਈ ਨਹੀਂ ਜਾਪਦੀ।

 

 

       ਜ਼ਕਰਬਰਗ ਅੱਜ ਜਿਸ ਮੁਕਾਮ ਉੱਤੇ ਹੈ, ਉਹ ਉਸਨੇ ਆਪਣੀ ਵਿਲੱਖਣ-ਬੁੱਧੀ ਅਤੇ ਕੁਸ਼ਲ-ਵਿਹਾਰ ਨਾਲ ਹਾਸਲ ਕੀਤਾ ਹੈ। ਫਿਰ ਵੀ ਕੁਝ ਲੋਕ ਉਹਦੇ ਬਾਰੇ ਨਾਕਾਰਾਤਮਕ ਅਤੇ ਅਾਲੋਚਨਾਤਮਕ ਸੋਚ ਰੱਖਦੇ ਹਨ। ਕੁਝ ਲੋਕਾਂ ਦਾ ਵਿਚਾਰ ਹੈ ਕਿ ਉਹ ਇੱਕ ਮੌਕਾ- ਪ੍ਰਸਤ ਵਿਅਕਤੀ ਹੈ,ਜੋ ਆਪਣੇ ਨਿੱਜੀ ਫਾਇਦੇ ਲਈ ਆਪਣੇ ਦੋਸਤਾਂ ਨੂੰ ਵੀ ਧੋਖਾ ਦੇ ਸਕਦਾ ਹੈ। ਕਈ ਲੋਕ ਕਹਿੰਦੇ ਹਨ ਕਿ ਮਾਰਕ ਜ਼ਕਰਬਰਗ ਦੀ ਕਾਰਜਸ਼ੈਲੀ ਤਾਨਾਸ਼ਾਹੀ ਰਵੱਈਏ ਵਾਲੀ ਹੈ; ਉਹ ਸਿਰਫ਼ ਉਸੇ ਗੱਲ ਦਾ ਸਮਰਥਨ ਕਰਦਾ ਹੈ, ਜੋ ਉਹਨੂੰ ਚੱਗੀ ਲੱਗਦੀ ਹੈ; ਆਪਣੇ ਵਿਚਾਰ ਦੂਜਿਆਂ ਤੇ ਥੋਪਣੇ ਉਸ ਦੀ ਆਦਤ ਹੈ ਅਤੇ ਇਸ ਨਾਲ ਉਹਦੇ ਹੰਕਾਰੀ ਹੋਣ ਦਾ ਭਾਵ ਸਪੱਸ਼ਟ ਹੁੰਦਾ ਹੈ...। ਉਹਦੇ ਕਰੀਬੀ ਦੋਸਤ ਇਨ੍ਹਾਂ ਗੱਲਾਂ ਨੂੰ ਨਿਰਆਧਾਰ ਕਹਿੰਦੇ ਹਨ। ਉਨ੍ਹਾਂ ਮੁਤਾਬਕ ਮਾਰਕ ਜ਼ਕਰਬਰਗ ਸੱਚ ਤੇ ਅੜਨ ਵਾਲਾ ਆਤਮ- ਵਿਸ਼ਵਾਸੀ ਬੰਦਾ ਹੈ; ਉਸ ਵਿੱਚ ਗਲਤੀਆਂ ਮੰਨਣ ਦੀ ਅਸਾਧਾਰਨ ਯੋਗਤਾ ਹੈ। ਪਰ ਜਦੋਂ ਉਹ ਗ਼ਲਤ ਨਹੀਂ ਹੁੰਦਾ, ਤਾਂ ਆਪਣੀ ਗੱਲ ਤੇ ਦ੍ਰਿੜ੍ਹ ਰਹਿੰਦਿਆਂ ਉਹ ਮਿੱਤਰ ਜਾਂ ਦੁਸ਼ਮਣ ਨਹੀਂ ਵੇਖਦਾ। ਅਜਿਹੇ ਦੋਸ਼ਾਂ ਦਾ ਖੰਡਨ ਮਾਰਕ ਦੇ ਮਿੱਤਰ ਇਹ ਕਹਿ ਕੇ ਕਰਦੇ ਹਨ ਕਿ ਜੇ ਮਾਰਕ ਹੰਕਾਰੀ ਹੁੰਦਾ, ਤਾਂ ਇੰਨੀ ਸਫਲਤਾ ਪਿਛੋਂ ਉਹਦਾ ਵਿਵਹਾਰ ਆਪਣੇ ਸਹਿਯੋਗੀਆਂ ਨਾਲ ਅਪਣੱਤ ਭਰਿਆ ਨਾ ਹੁੰਦਾ। ਇੰਨੀ ਵੱਡੀ ਸਮਰੱਥਾ ਦੇ ਨਿਰਮਾਤਾ ਦਾ ਇਹ ਵਿਵਹਾਰ ਹੀ ਇਹ ਦੱਸਣ ਲਈ ਕਾਫੀ ਹੈ ਕਿ ਉਸ ਵਿਚ ਹੰਕਾਰ ਨਾਂ ਦੀ ਚੀਜ਼ ਨਹੀਂ ਹੈ। ਉਸ ਦਾ ਦੈਨਿਕ ਰਹਿਣ- ਸਹਿਣ ਸਧਾਰਨ ਅਤੇ ਮਸਤ- ਮੌਲਾ ਕਿਸਮ ਦਾ ਹੈ। ਉਹਦਾ ਪਹਿਰਾਵਾ ਜਾਂ ਰਹਿਣ- ਸਹਿਣ ਕਿਹੋ ਜਿਹਾ ਵੀ ਹੈ, ਪਰ ਆਪਣੇ ਖੇਤਰ ਵਿੱਚ ੳੁਹ 'ਮਿਸਟਰ ਪਰਫੈਕਟ' ਹੈ...।

 

( ਐੱਮ. ਏ. ਸਮੀਰ ਦੇ ਹਿੰਦੀ ਵਿੱਚ ਲਿਖੇ ਲੰਮੇ ਲੇਖ ਤੇ ਆਧਾਰਿਤ)

 

==============

 

- ਪ੍ਰੋ . ਨਵ ਸੰਗੀਤ ਸਿੰਘ


 

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ,ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ - 151302(ਬਠਿੰਡਾ), 9417692015

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Founder of Facebook Mark Zuckerberg