ਅਮਰੀਕਾ ਅਤੇ ਈਰਾਨ ਵਿਚਕਾਰ ਲੜਾਈ ਦਾ ਦੌਰ ਜਾਰੀ ਹੈ। ਐਤਵਾਰ ਨੂੰ ਇਰਾਕ ਦੇ ਉੱਤਰੀ ਬਗਦਾਦ 'ਚ ਅਮਰੀਕੀ ਏਅਰਬੇਸ 'ਤੇ ਰਾਕੇਟ ਦਾਗੇ ਜਾਣ ਦੀ ਖਬਰ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਏਐਫਪੀ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਇਰਾਕ 'ਚ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾ ਕੇ 4 ਰਾਕੇਟ ਦਾਗੇ ਗਏ ਹਨ। ਇਸ ਹਮਲੇ 'ਚ 4 ਇਰਾਕੀ ਹਵਾਈ ਫੌਜੀ ਜ਼ਖਮੀ ਹੋਏ ਹਨ। ਅਮਰੀਕੀ ਫੌਜੀ ਟਿਕਾਣਿਆਂ 'ਤੇ ਇਹ 6 ਦਿਨ 'ਚ ਦੂਜਾ ਹਮਲਾ ਹੈ।
Four rockets hit Iraq airbase hosting US troops, reports AFP News Agency quoting Military sources
— ANI (@ANI) January 12, 2020
ਜ਼ਿਕਰਯੋਗ ਹੈ ਕਿ ਇਰਾਕ 'ਚ ਅਮਰੀਕੀ ਫੌਜ ਅਤੇ ਗਠਜੋੜ ਵਿਰੁੱਧ ਆਪਣੇ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਬੀਤੇ ਬੁੱਧਵਾਰ ਨੂੰ ਈਰਾਨ ਨੇ ਦਰਜਨਾਂ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਇਸ 'ਚ ਦਾਅਵਾ ਕੀਤਾ ਗਿਆ ਸੀ ਕਿ ਹਮਲੇ 'ਚ 80 ਤੋਂ ਵੱਧ ਅਮਰੀਕੀ ਮਾਰੇ ਗਏ ਸਨ।
ਅਮਰੀਕਾ ਤੋਂ ਬਦਲਾ ਲੈਣ ਲਈ ਈਰਾਨ ਨੇ 'ਆਪ੍ਰੇਸ਼ਨ ਮਾਰਟਿਰ ਸੁਲੇਮਾਨੀ' ਮੁਹਿੰਮ ਚਲਾਈ ਸੀ। ਈਰਾਨ ਦੀ ਰਿਵੋਲਿਊਸ਼ਨਰੀ ਗਾਰਡ ਕੋਰ ਨੇ ਇੱਕ ਬਿਆਨ ਜਾਰੀ ਕੀਤਾ ਸੀ ਕਿ ਅਮਰੀਕੀ ਹਮਲਾਵਰਾਂ ਦੇ ਅਪਰਾਧਿਕ ਅਤੇ ਅੱਤਵਾਦੀ ਕਾਰਵਾਈਆਂ ਦਾ ਜਵਾਬ ਅਤੇ ਸੁਲੇਮਾਨੀ ਦੀ ਹੱਤਿਆ ਤੇ ਦਰਦਨਾਕ ਸ਼ਹਾਦਤ ਦਾ ਬਦਲਾ ਲੈਣਾ ਸੀ। ਇਸ ਦੌਰਾਨ ਈਰਾਨ ਨੇ ਅਮਰੀਕਾ ਨੂੰ ਬੇਰਹਿਮ, ਅੱਤਵਾਦੀ ਅਤੇ ਸ਼ੈਤਾਨ ਦੱਸਿਆ ਸੀ। ਇੰਨਾ ਹੀ ਨਹੀਂ, ਉਸ ਨੇ ਅਮਰੀਕਾ ਦੀ ਮਦਦ ਕਰਨ ਵਾਲੇ ਦੇਸ਼ਾਂ ਨੂੰ ਚੇਤਾਵਨੀ ਵੀ ਦਿੱਤੀ ਸੀ।
ਉੱਧਰ ਅਮਰੀਕਾ ਨੇ ਸ਼ੁੱਕਰਵਾਰ ਨੂੰ ਈਰਾਨ 'ਤੇ ਨਵੀਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਸਟੀਵਨ ਨਿਊਚਿਨ ਨੇ ਕਿਹਾ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਦੇ ਟੈਕਸਟਾਈਲ, ਨਿਰਮਾਣ, ਅਤੇ ਖਾਨ ਦੇ ਖੇਤਰਾਂ ਨਾਲ ਜੁੜੇ ਲੋਕਾਂ 'ਤੇ ਪਾਬੰਦੀ ਲਗਾਉਣ ਵਾਲਾ ਇੱਕ ਸਰਕਾਰੀ ਆਦੇਸ਼ ਜਾਰੀ ਕਰਨਗੇ। ਉਹ ਸਟੀਲ ਅਤੇ ਲੋਹਾ ਖੇਤਰਾਂ ਵਿਰੁੱਧ ਵੱਖਰੀਆਂ ਪਾਬੰਦੀਆਂ ਵੀ ਲਗਾਉਣਗੇ। ਵਿੱਤ ਮੰਤਰੀ ਨੇ ਕਿਹਾ ਕਿ ਅਜਿਹਾ ਕਰ ਕੇ ਅਸੀਂ ਈਰਾਨੀ ਸ਼ਾਸਨ ਨੂੰ ਮਿਲਣ ਵਾਲੀ ਕਰੋੜਾਂ ਡਾਲਰ ਦੀ ਸਹਾਇਤਾ ਰੋਕ ਦੇਵਾਂਗੇ।