ਅਮਰੀਕੀ ਸੂਬੇ ਡੇਲਾਵੇਅਰ ਦੇ ਸ਼ਹਿਰ ਮਿਲਬੂਰਨ ਦੇ ਨਿਵਾਸੀ ਗਿਆਨੀ ਸੁਖਵਿੰਦਰ ਸਿੰਘ ਨੇ ਦੇਸ਼ ਦੀ ਸੈਨੇਟ ਵਿੱਚ ਸਿੱਖ ਅਰਦਾਸ ਕਰ ਕੇ ਇਤਿਹਾਸ ਰਚਿਆ ਹੈ। ਇਸ ਤੋਂ ਪਹਿਲਾਂ ਸੈਨੇਟ ’ਚ ਕਿਸੇ ਨੇ ਸਿੱਖ ਨੇ ਅਰਦਾਸ ਨਹੀਂ ਕੀਤੀ ਸੀ। ਅਜਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਕਾਰਨ ਕੀਤਾ ਗਿਆ ਹੈ।
ਅਮਰੀਕੀ ਰੀਪਬਲਿਕਨ ਪਾਰਟੀ ਦੇ ਪੈਨਸਿਲਵੇਨੀਆ ਤੋਂ ਸੈਨੇਟਰ ਪੈਟ੍ਰਿਕ ਟੂਮੀ ਨੇ ਸ੍ਰੀ ਸੁਖਵਿੰਦਰ ਸਿੰਘ ਨੂੰ ਅਰਦਾਸ ਲਈ ਖ਼ਾਸ ਤੌਰ ’ਤੇ ਸੱਦਾ ਭੇਜਿਆ ਸੀ। ਸ੍ਰੀ ਸੁਖਵਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਸੈਨੇਟ ਦੇ ਚੈਂਬਰ ਵਿੱਚ ਸਵੇਰ ਦੀ ਅਰਦਾਸ ਕੀਤੀ।
ਸ੍ਰੀ ਟੂਮੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੈਨੇਟ ’ਚ ਕਦੇ ਵੀ ਸਿੱਖ ਅਰਦਾਸ ਨਹੀਂ ਹੋਈ ਸੀ। ਉਨ੍ਹਾਂ ਸੈਨੇਟ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. ’ਚ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਸ਼ੁਰੂ ਤੋਂ ਹੀ ਧਾਰਮਿਕ ਬਿਰਤੀ ਦੇ ਇਨਸਾਨ ਸਨ। ‘ਗੁਰੂ ਨਾਨਕ ਦੇਵ ਜੀ ਨੇ ਸਦਾ ਇੱਕ ਪਰਮਾਤਮਾ ਦਾ ਹੀ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਸੀ ਕਿ ਇੱਕ ਪਰਮਾਤਮਾ ਤੱਕ ਪੁੱਜਣ ਲਈ ਕਿਸੇ ਪੁਜਾਰੀ ਦੀ ਵਿਚੋਲਗੀ ਦੀ ਜ਼ਰੂਰਤ ਨਹੀਂ ਹੈ ਤੇ ਇਸ ਧਰਤੀ ’ਤੇ ਆਏ ਸਾਰੇ ਮਨੁੱਖ ਇੱਕਸਮਾਨ ਹਨ।’
ਸ੍ਰੀ ਟੂਮੀ ਨੇ ਦੱਸਿਆ ਕਿ ਸਿੱਖ ਧਰਮ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਧਰਮ ਹੈ ਤੇ ਦੁਨੀਆ ਭਰ ਵਿੱਚ 3 ਕਰੋੜ ਲੋਕ ਇਸ ਦੇ ਪੈਰੋਕਾਰ ਹਨ। ਉਨ੍ਹਾਂ ਦੱਸਿਆ ਕਿ ਪੱਛਮੀ ਦੇਸ਼ਾਂ ਵਿੱਚ ਸਿੱਖਾਂ ਨੂੰ ਅਕਸਰ ਦਿੱਖ ਕਾਰਨ ਮੁਸਲਿਮ ਹੋਣ ਦਾ ਭਰਮ ਪਾਲ਼ ਲਿਆ ਜਾਂਦਾ ਹੈ।