ਮੁੰਬਈ ਅੱਤਵਾਦੀ ਹਮਲੇ ਅਤੇ ਸਾਜ਼ਸ਼ਘਾੜੇ ਅਤੇ ਜਮਾਤ ਓਦ ਦਾਵਾ ਦੇ ਪ੍ਰਮੁਖ ਅੱਤਵਾਦੀ ਹਾਫਿਜ਼ ਸਈਦ ਛੇਤੀ ਹੀ ਪਾਕਿਸਤਾਨ ਵਿੱਚ ਸਲਾਖਾਂ ਪਿੱਛੇ ਹੋਣਗੇ। ਵੀਰਵਾਰ ਨੂੰ ਪਾਕਿਸਤਾਨ ਦੀ ਪੁਲਿਸ ਨੇ ਦੱਸਿਆ ਕਿ ਅੱਤਵਾਦੀ ਹਾਫਿਜ਼ ਸਈਦ ਅਤੇ ਉਸ ਦੇ 12 ਸਹਿਯੋਗੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਪਾਕਿਸਤਾਨੀ ਦੀਆਂ ਏਜੰਸੀਆਂ ਨੇ ਮੁੰਬਈ ਹਮਲੇ ਦੇ ਸਰਗਨਾ ਅਤੇ ਜਮਾਤ ਓਦ ਦਾਵਾ ਦੇ ਮੁਖੀ ਹਾਫਿਜ ਸਈਦ ਅਤੇ ਉਸ ਦੇ 12 ਕਰੀਬੀਆਂ ਵਿਰੁਧ ਚੈਰਿਟੀ ਰਾਹੀਂ ਧਨ ਇੱਕਠਾ ਕਰਕੇ ਮਨੀਲਾਂਡਰਿੰਗ ਅਤੇ ਅੱਤਵਾਦ ਦੇ ਵਿੱਤੀ ਪੋਸ਼ਣ ਦੇ ਵੱਖ-ਵੱਖ ਅਪਰਾਧਾਂ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ।
ਪਾਕਿਸਤਾਨ ਨੇ ਇਹ ਫ਼ੈਸਲਾ ਅੱਤਵਾਦੀ ਸਮੂਹਾਂ ਅਤੇ ਅੱਤਵਾਦ ਨੂੰ ਵਿੱਤੀ ਸਹਾਇਤਾ ਉੱਤੇ ਲਗਾਮ ਲਗਾਉਣ ਲਈ ਅੰਤਰਰਾਸ਼ਟਰੀ ਦਬਾਅ ਵਿਚਕਾਰ ਲਿਆ ਹੈ। ਪਾਕਿਸਤਾਨ 'ਚ ਪੰਜਾਬ ਪੁਲਿਸ ਦੇ ਅੱਤਵਾਦ ਰੋਕੂ ਵਿਭਾਗ (CTD) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ "ਅੱਤਵਾਦ ਦੇ ਵਿੱਤੀ ਪੋਸ਼ਣ" ਦੇ ਸਬੰਧ ਵਿੱਚ ਜਮਾਤ ਓਦ ਦਾਵਾ ਦੇ 13 ਨੇਤਾਵਾਂ ਵਿਰੁਧ 23 ਮਾਮਲੇ ਦਰਜ ਕੀਤਾ ਹੈ।
ਸਮਾਚਾਰ ਏਜੰਸੀ ਏਐਨਆਈ ਮੁਤਾਬਕ ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ। ਸਰਕਾਰ ਨੇ ਟੈਰਰ ਫ਼ੰਡਿੰਗ ਨਾਲ ਜੁੜੇ ਇਨ੍ਹਾਂ ਮਾਮਲਿਆਂ ਨੂੰ ਲਾਹੌਰ, ਗੁਜਰਵਾਲਾ ਅਤੇ ਮੁਲਤਾਨ ਚ ਦਰਜ ਕੀਤਾ ਹੈ।
ਖ਼ਬਰਾਂ ਮੁਤਾਬਕ ਇਹ ਸਾਰੇ ਮਾਮਲੇ ਅਲ-ਅਨਫਾਲ ਟਰੱਸਟ, ਦਾਵਤ ਉਲ ਇਰਸ਼ਾਦ ਟਰੱਸਟ ਸਮੇਤ ਹੋਰਨਾਂ ਗੈਰ-ਲਾਭਕਾਰੀ ਸੰਗਠਨਾਂ ਦੇ ਨਾਂ ’ਤੇ ਅੱਤਵਾਦ ਦੇ ਪਾਲਣ-ਪੋਸ਼ਣ ਲਈ ਫ਼ੰਡ ਇਕੱਠਾ ਕਰਨ ਨੂੰ ਲੈ ਕੇ ਕੀਤੇ ਗਏ ਹਨ।