ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ 2008 ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼–ਘਾੜੇ (ਮਾਸਟਰ–ਮਾਈਂਡ) ਅਤੇ ਜਮਾਤ–ਉਦ–ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਦੀ ਗ੍ਰਿਫ਼ਤਾਰੀ ਉੱਤੇ ਸ਼ੱਕ ਪ੍ਰਗਟਾਉਂਦਿਆਂ ਕਿਹਾ ਹੈ ਕਿ ਉਸ ਦੀਆਂ ਪਿਛਲੀਆਂ ਗ੍ਰਿਫ਼ਤਾਰੀਆਂ ਨਾਲ ਉਸ ਵਿਅਕਤੀ (ਸਈਦ) ਦੀਆਂ ਗਤੀਵਿਧੀਆਂ ਉੱਤੇ ਕੋਈ ਫ਼ਰਕ ਨਹੀਂ ਪਿਆ।
ਇੱਥੇ ਵਰਨਣਯੋਗ ਹੈ ਕਿ ਅਗਲੇ ਹਫ਼ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਇਮਰਾਨ ਖ਼ਾਨ ਨਾਲ ਮੁਲਾਕਾਤ ਕਰਨੀ ਹੈ। ਉਸ ਤੋਂ ਪਹਿਲਾਂ ਅਮਰੀਕੀ ਪ੍ਰਸ਼ਾਸਨ ਦਾ ਅਜਿਹਾ ਬਿਆਨ ਆਉਣਾ ਆਪਣੇ–ਆਪ ਵਿੱਚ ਅਹਿਮ ਹੈ।
ਦਰਅਸਲ, ਪਾਕਿਸਤਾਨ ਇਸ ਵੇਲੇ ਚੀਨ ਦੇ ਵੱਧ ਨੇੜੇ ਹੈ; ਇਸੇ ਲਈ ਅਮਰੀਕਾ ਹੁਣ ਉਸ ਤੋਂ ਥੋੜ੍ਹਾ ਟਾਲ਼ਾ ਵੱਟਣ ਲੱਗ ਪਿਆ ਹੈ ਤੇ ਉਸ ਨੂੰ ਮਿਲਣ ਵਾਲੀ ਮਾਲੀ ਇਮਦਾਦ ਵੀ ਬੰਦ ਗਰ ਦਿੱਤੀ ਗਈ ਹੈ।
ਟਰੰਪ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਹੁਣ ਕਿਹਾ ਹੈ ਕਿ ਅਸੀਂ ਪਹਿਲਾਂ ਇਹ ਵੇਖ ਚੁੱਕੇ ਹਾਂ ਕਿ ਹਾਫ਼ਿਜ਼ ਸਈਦ ਦੀਆਂ ਗ੍ਰਿਫ਼ਤਾਰੀਆਂ ਨਾਲ ਕਦੇ ਕੋਈ ਫ਼ਰਕ ਨਹੀਂ ਪਿਆ; ਜਿਵੇਂ ਪਹਿਲਾਂ ਤੋਂ ਚੱਲ ਰਿਹਾ ਹੈ, ਸਭ ਕੁਝ ਉਵੇਂ ਹੀ ਹੈ।
ਅਮਰੀਕੀ ਅਧਿਕਾਰੀ ਨੇ ਕਿਹਾ ਕਿ ਡੋਨਾਲਡ ਟਰੰਪ ਤੇ ਇਮਰਾਨ ਖ਼ਾਨ ਦੀ ਮੁਲਾਕਾਤ ਨੂੰ ਉਹ ਲਗਾਤਾਰ ਤੇ ਇੱਕ ਮਜ਼ਬੂਤ ਕਦਮ ਵਜੋਂ ਵੇਖਣਾ ਚਾਹੁੰਦੇ ਹਨ ਤੇ ਇਹ ਸਭ ਮਹਿਜ਼ ਦਿਖਾਵਾ ਨਹੀਂ ਹੋਣਾ ਚਾਹੀਦਾ।
ਇੱਥੇ ਵਰਨਣਯੋਗ ਹੈ ਕਿ ਪਾਕਿਸਤਾਨ ਇਸ ਵੇਲੇ ਭਾਰਤ ਦੇ ਦਬਾਅ ਹੇਠ ਚੱਲ ਰਿਹਾ ਹੈ ਕਿਉਂਕਿ ਭਾਰਤ ਨੇ ਉਸ ਦੀਆਂ ਸਾਰੀਆਂ ਚਾਲਾਂ ਤੇ ਸਾਜ਼ਿਸ਼ਾਂ ਬੇਨਕਾਬ ਕਰ ਕੇ ਰੱਖ ਦਿੱਤੀਆਂ ਹਨ। ਪਾਕਿਸਤਾਨ ਨੇ ਸਦਾ ਅੱਤਵਾਦੀਆਂ ਦੀ ਪੁਸ਼ਤ–ਪਨਾਹੀ ਕੀਤੀ ਹੈ ਤੇ ਭਾਰਤ–ਵਿਰੋਧੀ ਗਤੀਵਿਧੀਆਂ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਹੈ।
ਇਹੋ ਕਾਰਨ ਹੈ ਕਿ ਹੁਣ ਪਾਕਿਸਤਾਨ ਲੇਲੜ੍ਹੀਆਂ ਕੱਢਣ ਵਾਲੀ ਹਾਲਤ ’ਚ ਆ ਗਿਆ ਹੈ ਕਿਉਂਕਿ ਉਸ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ।