ਅਮਰੀਕਾ ਦੇ ਸੂਬੇ ਵਰਜੀਨੀਆ 'ਚ ਐਤਵਾਰ ਸਵੇਰੇ ਸੰਘਣੀ ਧੁੰਦ ਅਤੇ ਸੜਕ 'ਤੇ ਵਿਛੀ ਬਰਫ ਕਾਰਨ 69 ਗੱਡੀਆਂ ਆਪਸ 'ਚ ਟਕਰਾ ਗਈਆਂ। ਇਸ ਹਾਸਦੇ 'ਚ 51 ਲੋਕ ਜ਼ਖਮੀ ਹੋ ਗਏ। ਜ਼ਿਆਦਾਤਰ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਹਾਲਾਂਕਿ ਕਈ ਗੰਭੀਰ ਜ਼ਖਮੀ ਵੀ ਹਨ।
ਇਹ ਹਾਦਸਾ ਐਤਵਾਰ ਸਵੇਰੇ 7:50 ਵਜੇ ਆਈ-64 ਯੋਰਕ ਕਾਊਂਟੀ ਦੇ ਨੇੜੇ ਵਿਲੀਅਮਬਰਗ 'ਚ ਵਾਪਰਿਆ। ਵਰਜੀਨੀਆ ਸਟੇਟ ਪੁਲਿਸ ਮੁਤਾਬਕ 64 ਗੱਡੀਆਂ ਲਗਾਤਾਰ ਇੱਕ-ਦੂਜੇ 'ਚ ਟਕਰਾ ਗਈਆਂ। ਕਈ ਗੱਡੀਆਂ ਦੂਜੇ ਵਾਹਨਾਂ 'ਤੇ ਚੜ੍ਹ ਗਈਆਂ ਤੇ ਕੁੱਲ 69 ਵਾਹਨ ਟਕਰਾ ਗਏ। ਹਾਦਸੇ ਦਾ ਕਾਰਨ ਭਾਰੀ ਧੁੰਦ ਨੂੰ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਕੁਈਨਜ਼ ਕਰੀਕ ਬ੍ਰਿਜ 'ਤੇ ਸਵੇਰੇ 7.50 ਵਜੇ ਇਹ ਹਾਦਸਾ ਵਾਪਰਿਆ।

ਹਾਦਸੇ ਮਗਰੋਂ ਹਾਈਵੇਅ ਦੀਆਂ ਦੋਵੇਂ ਲੇਨਜ਼ ਨੂੰ ਬੰਦ ਕਰ ਦਿੱਤੇ ਗਏ ਸਨ। ਵੈੱਸਟਬਾਊਂਡ ਲੇਨ ਨੂੰ ਦੁਪਹਿਰ ਬਾਅਦ 3.30 ਵਜੇ ਤਕ ਖੋਲ੍ਹਿਆ ਨਹੀਂ ਗਿਆ ਸੀ। ਡਰਾਈਵਰਾਂ ਨੂੰ ਬਹੁਤ ਹੌਲੀ ਤੇ ਧਿਆਨ ਨਾਲ ਵਾਹਨ ਚਲਾਉਣ ਦੀ ਅਪੀਲ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਭਰਤੀ ਕਰਵਾ ਦਿੱਤਾ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਨੂੰ ਰੋਕਣ ਲਈ ਬਹੁਤ ਸਾਰੇ ਲੋਕ ਕਾਰਾਂ 'ਚੋਂ ਨਿਕਲ ਕੇ ਦੂਜੇ ਵਾਹਨਾਂ ਨੂੰ ਰੋਕ ਰਹੇ ਸਨ ਪਰ ਇਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ ਕਿਉਂਕਿ ਸੜਕਾਂ 'ਤੇ ਤਿਲਕਣ ਕਾਰਨ ਵਾਹਨਾਂ ਨੂੰ ਇਕਦਮ ਰੋਕਣਾ ਡਰਾਈਵਰਾਂ ਨੂੰ ਮੁਸ਼ਕਲ ਲੱਗ ਰਿਹਾ ਸੀ।