ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਊਦੀ ਅਰਬ `ਚ ਕੱਖ ਤੋਂ ਲੱਖ ਕਿਵੇਂ ਬਣਿਆ ਬਿਨ-ਲਾਦੇਨ ਪਰਿਵਾਰ?

ਸਊਦੀ ਅਰਬ `ਚ ਕੱਖ ਤੋਂ ਲੱਖ ਕਿਵੇਂ ਬਣਿਆ ਬਿਨ-ਲਾਦੇਨ ਪਰਿਵਾਰ?

ਸਊਦੀ ਅਰਬ `ਚ ਬਿਨ ਲਾਦੇਨ ਪਰਿਵਾਰ ਬਹੁਤ ਅਮੀਰ ਹੈ। ਇਸ ਪਰਿਵਾਰ ਨੇ ਸਊਦੀ ਅਰਬ ਦੀਆਂ ਬਹੁਤ ਸਾਰੀਆਂ ਸੜਕਾਂ, ਮਸਜਿਦਾਂ ਤੇ ਮਹੱਲ ਬਣਵਾਏ ਹਨ। ਇਸ ਪਰਿਵਾਰ ਦਾ ਬਜ਼ੁਰਗ ਮੁਹੰਮਦ 1920ਵਿਆਂ ਦੌਰਾਨ ਜਦੋਂ ਪਹਿਲੀ ਵਾਰ ਯਮਨ ਤੋਂ ਸਊਦੀ ਅਰਬ ਆਇਆ ਸੀ; ਤਦ ਉਹ ਹਾਲੇ ਗਭਰੂ ਹੀ ਸੀ ਤੇ ਬਿਲਕੁਲ ਫਟੇਹਾਲ ਸੀ। ਇਸ ਪਰਿਵਾਰ ਨਾਲ ਕਈ ਤਰ੍ਹਾਂ ਦੇ ਦੁਖਾਂਤ ਵੀ ਜੁੜੇ ਰਹੇ ਹਨ। ਮੁਹੰਮਦ ਦੀ ਇੱਕ ਹਵਾਈ ਹਾਦਸੇ `ਚ ਮੌਤ ਹੋ ਗਈ ਸੀ। ਉਸ ਦੇ ਛੋਟੇ ਲੜਕੇ ਨੇ ਅਮਰੀਕਾ `ਚ 9/11 ਦੇ ਹਮਲਿਆਂ ਦੀ ਸਾਜਿ਼ਸ਼ ਰਚੀ ਸੀ ਅਤੇ ਅਲ-ਕਾਇਦਾ ਨਾਂਅ ਦੀ ਅੱਤਵਾਦੀ ਜੱਥੇਬੰਦੀ ਵੀ ਚਲਾਈ ਸੀ।


1920ਵਿਆਂ ਦੌਰਾਨ ਮੁਹੰਮਦ ਬਿਨ ਲਾਦੇਨ ਨੇ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਜੱਦਾਹ ਦੀ ਲਾਲ ਸਮੁੰਦਰ ਬੰਦਰਗਾਹ `ਤੇ ਆਉਣ ਵਾਲੇ ਤੀਰਥ-ਯਾਤਰੀਆਂ ਤੇ ਸੈਲਾਨੀਆਂ `ਚ ਚਲਾਇਆ ਸੀ। ਉਸ ਨੇ 1931 `ਚ ਇੱਕ ਛੋਟੀ ਜਿਹੀ ਨਿਰਮਾਣ ਫ਼ਰਮ ਕਾਇਮ ਕੀਤੀ ਸੀ। ਉਸ ਨੇ ਕਿਸੇ ਤਰ੍ਹਾਂ ਬਾਦਸ਼ਾਹ ਅਬਦੁਲ ਅਜ਼ੀਜ਼ ਦਾ ਦਿਲ ਜਿੱਤ ਲਿਆ ਤੇ ਉਸ ਨੇ ਸਿਰਫ਼ 20 ਦਿਨਾਂ `ਚ ਬਾਦਸ਼ਾਹ ਦੇ ਇੱਕ ਨਵੇਂ ਮਹੱਲ ਦੀ ਉਸਾਰੀ ਕਰ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਇਹ ਸਾਰੀ ਜਾਣਕਾਰੀ ਸਾਬਕਾ ਸਊਦੀ ਬਿਨ-ਲਾਦੇਨ ਗਰੁੱਪ ਦੇ ਕਾਰਜਕਾਰੀ ਅਧਿਕਾਰੀ ਖ਼ਲਫ਼ ਅਲ ਸਿਬੀਆ ਵੰਲੋਂ ਲਿਖੀ ਜੀਵਨੀ ਵਿੱਚ ਦਰਜ ਹੈ। ਉਹ ਸਊਦੀ ਅਰਬ ਦਾ ਸਭ ਤੋਂ ਵੱਧ ਹਰਮਨਪਿਆਰਾ ਬਿਲਡਰ ਬਣ ਗਿਆ ਸੀ ਤੇ ਲਗਭਗ ਸਾਰੇ ਸ਼ਾਹੀ ਕੰਟਰੈਕਟ ਉਸੇ ਨੂੰ ਮਿਲਦੇ ਸਨ।


ਬਿਨ ਲਾਦੇਨ ਪਰਿਵਾਰ ਵਧਦਾ ਚਲਾ ਗਿਆ ਤੇ ਉਸ ਦੇ ਕੁੱਲ 70 ਤੋਂ ਵੱਧ ਬੱਚੇ, ਪੋਤਰੇ-ਪੋਤਰੀਆਂ, ਦੋਹਤਰੇ-ਦੋਹਤਰੀਆਂ ਹੋ ਗਏ। ਇਸ ਪਰਿਵਾਰ ਦੇ ਸਬੰਧ ਬਾਦਸ਼ਾਹ ਅਬਦੁਲ ਅਜ਼ੀਜ਼ ਦੇ ਪੁੱਤਰਾਂ ਤੇ ਪੋਤਰਿਆਂ ਨਾਲ ਵੀ ਵਧੀਆ ਬਣੇ ਰਹੇ। ਨਿਰਮਾਣ ਦੇ ਠੇਕੇ ਉਸ ਨੂੰ ਲਗਾਤਾਰ ਮਿਲਦੇ ਰਹੇ ਤੇ ਇਹ ਪਰਿਵਾਰ ਦਿਨ-ਬ-ਦਿਨ ਪ੍ਰਫ਼ੁੱਲਤ ਹੁੰਦਾ ਚਲਾ ਗਿਆ।


ਸਾਲ 2001 `ਚ 11 ਸਤੰਬਰ ਦੇ ਅੱਤਵਾਦੀ ਹਮਲਿਆਂ `ਚ ਮੁਹੰਮਦ ਦਾ ਛੋਟਾ ਪੁੱਤਰ ਓਸਾਮਾ ਸ਼ਾਮਲ ਸੀ। ਤਦ ਇਹ ਬਿਨ-ਲਾਦੇਨ ਪਰਿਵਾਰ ਬਦਨਾਮ ਹੋ ਗਿਆ। ਨਹੀਂ ਤਾਂ ਬਾਦਸ਼ਾਹ ਅਬਦੁੱਲ੍ਹਾ ਦੀ ਹਕੂਮਤ ਸਮੇਂ ਤਾਂ ਬਿਨ-ਲਾਦੇਨ ਪਰਿਵਾਰ ਦੀ ਪੂਰੀ ਚੜ੍ਹਾਈ ਸੀ। ਤਦ ਕੰਪਨੀ ਦਾ ਚੇਅਰਮੈਨ ਬਕਰ ਬਿਨ-ਲਾਦੇਨ ਸੀ। ਅਬਦੁੱਲ੍ਹਾ ਦੇ ਕਾਰਜਕਾਲ ਦੌਰਾਨ ਹੀ ਤੇਲ ਦੀ ਇੱਕ ਬੈਰਲ ਦੀ ਕੀਮਤ 100 ਡਾਲਰ ਤੋਂ ਉਤਾਂਹ ਚਲੀ ਗਈ ਸੀ ਤੇ ਸਊਦੀ ਅਰਬ ਦੀਆਂ ਦਸੇ ਉਂਗਲਾਂ ਘਿਓ `ਚ ਸਨ।


ਉਸ ਦੌਰਾਨ ਸਊਦੀ ਬਿਨ-ਲਾਦੇਨ ਗਰੁੱਪ ਨੇ ਕਈ ਅਰਬ ਡਾਲਰ ਦੇ ਨਵੇਂ ਪ੍ਰੋਜੇਕਟ ਨੇਪਰੇ ਚਾੜ੍ਹੇ ਸਨ। ਉਸੇ ਦੌਰਾਨ ਰਿਆਧ ਵਿੱਤੀ ਜਿ਼ਲ੍ਹੇ, ਜੱਦਾਹ ਦੇ ਨਵੇਂ ਹਵਾਈ ਅੱਡੇ ਅਤੇ ਲਾਲ ਸਮੁੰਦਰ ਦੇ ਕੰਢੇ ਇੱਕ ਆਰਥਿਕ ਸ਼ਹਿਰ ਦੀ ਸਥਾਪਨਾ ਕੀਤੀ ਗਈ ਸੀ; ਅੱਜ ਇਸੇ ਸ਼ਹਿਰ `ਚ 20 ਲੱਖ ਲੋਕ ਰਹਿ ਰਹੇ ਹਨ।


ਬਿਨ-ਲਾਦੇਨ ਗਰੁੰਪ ਨੇ ਮੱਕਾ ਤੇ ਮਦੀਨਾ `ਚ ਦੋ ਪ੍ਰਮੁੱਖ ਪਵਿੱਤਰ ਮਸਜਿਦਾਂ ਬਣਵਾਈਆਂ ਸਨ। ਉਨ੍ਹਾਂ ਸੌਦਿਆਂ ਲਈ ਬਿਨ-ਲਾਦੇਨ ਪਰਿਵਾਰ ਦੇ ਵੱਡੇ ਭਰਾਵਾਂ ਬਾਕਰ, ਸਾਲੇਹ ਤੇ ਸਾਦ ਨੇ ਹੀ ਬਾਦਸ਼ਾਹ ਅਬਦੁੱਲ੍ਹਾ ਨਾਲ ਸਿੱਧੀ ਗੱਲਬਾਤ ਕੀਤੀ ਸੀ।


ਬਾਕਰ ਬਿਨ-ਲਾਦੇਨ ਨੇ ਆਪਣੀ ਇੱਕ ਵਿਲਾ ਤਿਆਰ ਕਰਵਾਈ ਸੀ; ਜਿਸ ਦੇ ਸਾਰੇ ਲਾਂਘੇ ਸੰਗਮਰਮਰ ਦੇ ਸਨ ਤੇ ਸਵਿਮਿੰਗ ਪੂਲਜ਼ ਨੂੰ ਲਾਲ ਸਮੁੰਦਰ ਨਾਲ ਜੋੜਿਆ ਗਿਆ ਸੀ। ਰਵਾਇਤੀ ਸ਼ਾਹੀ ਪਾਰਟੀਆਂ ਲਈ ਇਸ ਵਿਲਾ ਨੂੰ ਕਦੇ-ਕਦੇ ਖੋਲ੍ਹਿਆ ਜਾਂਦਾ ਹੈ।


ਬਿਨ-ਲਾਦੇਨ ਪਰਿਵਾਰ ਦਾ ਕਾਰੋਬਾਰ ਪੂਰੀ ਦੁਨੀਆ `ਚ ਫੈਲਿਆ ਹੋਇਆ ਹੈ। ਅਫ਼ਰੀਕੀ ਮੁਲਕਾਂ `ਚ ਇਸ ਨੇ ਬਹੁਤ ਸਾਰੀਆਂ ਸੜਕਾਂ ਬਣਵਾਈਆਂ ਹਨ। ਸਾਲ 2011 `ਚ ਜਦ ਤੋਂ ਇਸ ਦੇ ਜਨਤਕ ਸ਼ੇਅਰ ਖੋਲ੍ਹੇ ਗਏ ਹਨ; ਉਸ ਤੋਂ ਬਾਅਦ ਇਸ ਗਰੁੱਪ ਦੀਆਂ 500 ਸਹਾਇਕ ਕੰਪਨੀਆਂ ਹੋਰ ਬਣ ਗਈਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:How Bin Laden family go rags to riches in Saudi Arab