ਆਈਬੀਐੱਮ (IBM) ਦੇ ਇੱਕ ਸੀਨੀਅਰ ਮੁਲਾਜ਼ਮ ਨੇ ਹੁਣ ਇੱਕ ਅਦਾਲਤ ਵਿੱਚ ਦਾਇਰ ਕੀਤੇ ਕੇਸ ਵਿੱਚ ਇੱਕ ਅਹਿਮ ਇੰਕਸ਼ਾਫ਼ ਕੀਤਾ ਹੈ ਕਿ ਆਈਬੀਐੱਮ ਨੇ ਪਿਛਲੇ ਕੁਝ ਸਾਲਾਂ ਦੌਰਾਨ ਸਿਰਫ਼ ਇਸ ਲਈ ਆਪਣੇ 1,00,000 ਪੁਰਾਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਕਿ ਤਾਂ ਜੋ ਉਹ ਦੁਨੀਆ ਨੂੰ ਐਮੇਜ਼ੌਨ ਤੇ ਗੂਗਲ ਜਿਹੀਆਂ ਕੰਪਨੀਆਂ ਵਾਂਗ ‘ਕੂਲ’ ਲੱਗ ਸਕੇ।
ਆਈਬੀਐੱਮ ਦੇ ਸਾਬਕਾ ਸੇਲਜ਼ਮੈਨ ਜੋਨਾਥਨ ਲੈਂਗਲੇ ਨੇ ਆਪਣੇ ਇੱਕ ਅਦਾਲਤੀ ਮਾਮਲੇ ਵਿੱਚ ਕਿਹਾ ਹੈ ਕਿ IBM ਨੇ ਪਿਛਲੇ ਪੰਜ ਸਾਲਾਂ ਦੌਰਾਨ 50 ਹਜ਼ਾਰ ਤੋਂ ਲੈ ਕੇ 1 ਲੱਖ ਤੱਕ ਮੁਲਾਜ਼ਮਾਂ ਨੂੰ ਨੌਕਰੀਓਂ ਜਵਾਬ ਦੇ ਦਿੱਤਾ ਹੈ।
ਸ੍ਰੀ ਜੋਨਾਥਨ ਦਾ ਦੋਸ਼ ਹੈ ਕਿ ਆਈਬੀਐੱਮ ਨੇ ਪੁਰਾਣੇ ਮੁਲਾਜ਼ਮਾਂ ਨੂੰ ਸਿਰਫ਼ ਇਸ ਕਾਰਨ ਬਾਹਰ ਕੱਢਿਆ ਹੈ ਕਿ ਤਾਂ ਜੋ ਉਹ ਐਮੇਜ਼ੌਨ, ਮਾਈਕ੍ਰੋਸਾਫ਼ਟ, ਗੂਗਲ ਤੇ ਫ਼ੇਸਬੁੱਕ ਅਤੇ ਹੋਰ ਅਜਿਹੀਆਂ ਕੰਪਨੀਆਂ ਵਾਂਗ ਕੁਝ ‘ਨੌਜਵਾਨ’ ਦਿਸ ਸਕੇ।
61 ਸਾਲਾ ਸ੍ਰੀ ਲੈਂਗਲੇ ਪਹਿਲਾਂ ਆਈਬੀਐੱਮ ਦੇ ਹੀ ਐੱਚਆਰ ਵਿਭਾਗ ਵਿੱਚ ਕੰਮ ਕਰਦੇ ਰਹੇ ਹਨ।
ਉੱਧਰ 108 ਸਾਲ ਪੁਰਾਣੀ ਕੰਪਨੀ ਆਈਬੀਐੱਮ ਦਾ ਕਹਿਣਾ ਹੈ ਕਿ ਉਸ ਨੇ ਕਦੇ ਵੀ ਉਮਰ ਦੇ ਲਿਹਾਜ਼ ਨਾਲ ਕਦੇ ਵੀ ਵਿਤਕਰਾ ਨਹੀਂ ਕੀਤਾ; ਸਗੋਂ ਉਨ੍ਹਾਂ ਦੀ ਸਿਖਲਾਈ ਉੱਤੇ ਅੱਧਾ ਅਰਬ ਡਾਲਰ ਦੇ ਲਗਭਗ ਰਕਮ ਖ਼ਰਚ ਕੀਤੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਉਸ ਕੋਲ ਹਰ ਰੋਜ਼ 8,000 ਅਰਜ਼ੀਆਂ ਉਨ੍ਹਾਂ ਉਮੀਦਵਾਰਾਂ ਕੋਲੋਂ ਪੁੱਜਦੀਆਂ ਹਨ; ਜੋ ਉਸ ਕੋਲ ਨੌਕਰੀ ਉੱਤੇ ਲੱਗਣਾ ਚਾਹੁੰਦੇ ਹਨ।
ਉਂਝ ਇਹ ਇੱਕ ਸੱਚਾਈ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ IBM ਨੇ ਆਪਣੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਨੌਕਰੀਓਂ ਫ਼ਾਰਗ ਕੀਤਾ ਹੈ। ਸ੍ਰੀ ਜੋਨਾਥ ਲੈਂਗਲੇ ਵੀ ਆਈਬੀਐੱਮ ਦੀ ਹਾਈਬ੍ਰਿਡ ਕਲਾਊਡ ਸੇਵਾ ਦੇ ਸੇਲਜ਼–ਪਰਸਨ ਰਹੇ ਹਨ। ਉਨ੍ਹਾਂ ਦੀ ਕਾਰਗੁਜ਼ਾਰੀ ਭਾਵੇਂ ਬਹੁਤ ਵਧੀਆ ਸੀ, ਫਿਰ ਵੀ ਉਨ੍ਹਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਗਿਆ ਸੀ।