ਭਾਰਤ 'ਚ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲੇ ਸੂਖਮ, ਛੋਟੇ ਅਤੇ ਦਰਮਿਆਨੇ (ਐਮਐਸਐਮਈ) ਉਦਯੋਗ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਮੁਸੀਬਤ 'ਚ ਘਿਰ ਗਏ ਹਨ। ਲੌਕਡਾਊਨ ਕਾਰਨ ਹਾਲੇ ਇਹ ਬੰਦ ਪਾਏ ਹਨ, ਪਰ ਜੇ ਲੌਕਡਾਊਨ ਹੋਰ ਅੱਗੇ ਵੱਧਦਾ ਹੈ ਤਾਂ ਲਗਭਗ 1.7 ਕਰੋੜ ਛੋਟੇ ਉਦਯੋਗ ਹਮੇਸ਼ਾ ਲਈ ਬੰਦ ਹੋ ਸਕਦੇ ਹਨ, ਕਿਉਂਕਿ ਉਨ੍ਹਾਂ ਕੋਲ ਪੈਸੇ ਦੀ ਘਾਟ ਹੈ।
ਗਲੋਬਲ ਅਲਾਇੰਸ ਫ਼ਾਰ ਮਾਸ ਇੰਟਰਪ੍ਰੀਨਿਊਰਸ਼ਿਪ (ਜੀਏਐਮਈ) ਦੇ ਚੇਅਰਮੈਨ ਰਵੀ ਵੈਂਕਟੇਸ਼ਨ ਦਾ ਕਹਿਣਾ ਹੈ ਕਿ ਜੇ ਦੇਸ਼ ਵਿੱਚ ਲੌਕਡਾਊਨ 4 ਤੋਂ 8 ਹਫ਼ਤੇ ਹੋਰ ਵੱਧਦਾ ਹੈ ਤਾਂ ਕੁਲ ਐਮਐਸਐਮਈ ਦਾ 25 ਫ਼ੀਸਦੀ ਮਤਲਬ ਲਗਭਗ 1.7 ਕਰੋੜ ਐਮਐਸਐਮਈ ਬੰਦ ਹੋ ਜਾਣਗੇ। ਦੇਸ਼ 'ਚ 6.9 ਕਰੋੜ ਐਮਐਸਐਮਈ ਹਨ।
ਇੰਫੋਸਿਸ ਦੇ ਕੋ-ਚੇਅਰਮੈਨ ਅਤੇ ਬੈਂਕ ਆਫ਼ ਬੜੌਦਾ ਦੇ ਚੇਅਰਮੈਨ ਰਹੇ ਵੈਂਕਟੇਸ਼ਨ ਨੇ ਆਲ ਇੰਡੀਆ ਮੈਨੂਫੈਕਚਰਰ ਐਸੋਸੀਏਸ਼ਨ ਦੇ ਅੰਕੜਿਆਂ ਦੇ ਹਵਾਲੇ ਤੋਂ ਕਿਹਾ ਕਿ ਜੇਕਰ ਕੋਰੋਨਾ ਸੰਕਟ 4 ਤੋਂ 8 ਹਫ਼ਤਿਆਂ ਤੱਕ ਹੋਰ ਵੱਧ ਜਾਂਦਾ ਹੈ ਤਾਂ ਦੇਸ਼ ਦੇ 19 ਤੋਂ 43 ਫ਼ੀਸਦੀ ਐਮਐਸਐਮਈ ਹਮੇਸ਼ਾ ਲਈ ਭਾਰਤ ਦੇ ਨਕਸ਼ੇ ਤੋਂ ਗਾਇਬ ਹੋ ਜਾਣਗੇ।
3.3 ਕਰੋੜ ਲੋਕਾਂ ਦੀ ਜਾ ਸਕਦੀ ਹੈ ਨੌਕਰੀ :
ਵੈਂਕਟੇਸ਼ਨ ਦਾ ਕਹਿਣਾ ਹੈ ਕਿ ਐਮਐਸਐਮਈ ਦੇ ਹਰ ਸੈਕਟਰ ਵਿੱਚ ਛਾਂਟੀ ਹੋ ਸਕਦੀ ਹੈ। 5 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਹੋਟਲ ਉਦਯੋਗ 'ਚ ਲਗਭਗ 1.2 ਕਰੋੜ ਨੌਕਰੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ 4.6 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਪ੍ਰਚੂਨ ਖੇਤਰ ਵਿੱਚ 1.1 ਕਰੋੜ ਲੋਕਾਂ ਦਾ ਰੁਜ਼ਗਾਰ ਗੁਆ ਸਕਦਾ ਹੈ। ਮਾਹਿਰ ਕਹਿੰਦੇ ਹਨ ਕਿ ਸਭ ਤੋਂ ਵੱਡੀ ਚੁਣੌਤੀ ਐਮਐਸਐਮਈ ਨਾਲ ਅਸਿੱਧੇ ਜਾਂ ਅਸਥਾਈ ਤੌਰ 'ਤੇ ਜੁੜੇ ਲੋਕਾਂ ਲਈ ਹੈ। ਦਿਹਾੜੀਦਾਰ ਮਜ਼ਦੂਰਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪੈ ਰਿਹਾ ਹੈ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੁਨੀਆ ਭਰ ਵਿੱਚ ਲਗਭਗ 70 ਹਜ਼ਾਰ ਲੋਕਾਂ ਦੀ ਜਾਨ ਲੈ ਚੁੱਕਾ ਹੈ। ਸਭ ਤੋਂ ਵੱਧ ਮੌਤਾਂ ਇਟਲੀ ਵਿੱਚ 15,887, ਸਪੇਨ ਵਿੱਚ 12,641 ਲੋਕਾਂ ਦੀ ਹੋਈ ਹੈ।