ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਕੁਝ ਝੱਲਣਾ ਪੈਂਦੈ ਗ਼ੈਰ-ਕਾਨੂੰਨੀ ਤਰੀਕੇ ਅਮਰੀਕਾ ਦਾਖ਼ਲ ਹੋਣ ਦੀ ਕੋਸਿ਼ਸ਼ ਕਰਦੇ ਪੰਜਾਬੀਆਂ ਨੂੰ

ਅਮਰੀਕਾ-ਮੈਕਸੀਕੋ ਸਰਹੱਦ

ਪਿਛਲੇ ਕੁਝ ਸਮੇਂ ਤੋਂ ਲਗਾਤਾਰ ਅਮਰੀਕੀ ਸੂਬੇ ਓਰੇਗੌਨ `ਚ ਕੈਦ 52 ਭਾਰਤੀ ਕੈਦੀਆਂ, ਜਿਨ੍ਹਾਂ `ਚੋਂ ਜਿ਼ਆਦਾਤਰ ਪੰਜਾਬੀ ਹਨ, ਦੀ ਖ਼ਬਰ ਆ ਰਹੀ ਹੈ ਪਰ ਕੈਲੀਫ਼ੋਰਨੀਆ, ਏਰੀਜ਼ੋਨਾ ਤੇ ਵਾਸਿ਼ੰਗਟਨ ਸੂਬੇ ਦੀਆਂ ਜੇਲ੍ਹਾਂ `ਚ ਵੀ ਪਤਾ ਨਹੀਂ ਹੋਰ ਕਿੰਨੇ ਪੰਜਾਬੀ ਇੰਝ ਹੀ ਅਮਰੀਕੀ ਸੁਫ਼ਨਾ ਆਪਣੇ ਮਨਾਂ `ਚ ਲੈ ਕੇ ਸੜ ਰਹੇ ਹਨ। ਉਨ੍ਹਾਂ ਨੂੰ ਕਦੋਂ ਰਿਹਾਅ ਕੀਤਾ ਜਾਣਾ ਹੈ, ਕਿਸੇ ਨੂੰ ਵੀ ਪਤਾ ਨਹੀਂ ਹੈ। ਇਹ ਇੱਕ ਕੌੜੀ ਸੱਚਾਈ ਹੈ।


ਇਨ੍ਹਾਂ `ਚੋਂ ਬਹੁਤੇ ਭਾਰਤੀਆਂ, ਜਿਨ੍ਹਾਂ `ਚੋਂ ਵੱਧ ਗਿਣਤੀ ਪੰਜਾਬੀਆਂ ਦੀ ਹੀ ਹੁੰਦੀ ਹੈ, ਨੂੰ ‘ਆਇਲਟਸ` (ਅੰਗਰੇਜ਼ੀ ਭਾਸ਼ਾ ਦਾ ਟੈਸਟ) ਪਾਸ ਕਰਨਾ ਬਹੁਤ ਔਖਾ ਜਾਪਦਾ ਹੈ, ਇਸੇ ਲਈ ਉਨ੍ਹਾਂ ਨੂੰ ਵੱਧ ਧਨ ਖ਼ਰਚ ਕੇ ਵੀ ਅਮਰੀਕਾ ਜਾਣ ਵਾਸਤੇ ਗ਼ੈਰ-ਕਾਨੂੰਨੀ ਤਰੀਕੇ ਅਤੇ ਰਾਹ ਅਪਨਾਉਣੇ ਪੈਂਦੇ ਹਨ। ਉਹ ਕੋਲੰਬੀਆ ਤੇ ਪਨਾਮਾ ਨੂੰ ਜੋੜਨ ਵਾਲੇ ਉਸ ਖ਼ਤਰਨਾਕ ਜੰਗਲ਼ੀ ਰਸਤੇ `ਚੋਂ ਲੰਘਦੇ ਹਨ, ਜਿੱਥੇ ਪੈਰ-ਪੈਰ `ਤੇ ਨਸਿ਼ਆਂ ਦੇ ਸਮੱਗਲਰ ਆਪਣੇ ਡੇਰੇ ਲਾ ਕੇ ਬੈਠੇ ਹੁੰਦੇ ਹਨ। ਉਹ ਅਕਸਰ ਆਉਣ-ਜਾਣ ਵਾਲੇ ਰਾਹੀਆਂ ਨੂੰ ਲੁੱਟ ਲੈਂਦੇ ਹਨ। ਅਜਿਹੇ ਗ਼ੈਰ-ਕਾਨੂੰਨੀ ਰਾਹਗੀਰ ਵਿਚਾਰੇ ਕਿਤੇ ਆਪਣੀ ਸਿ਼ਕਾਇਤ ਸਥਾਨਕ ਪੁਲਿਸ ਕੋਲ ਲਿਖਵਾਉਣ ਜੋਗੇ ਵੀ ਨਹੀਂ ਹੁੰਦੇ; ਕਿਉਂਕਿ ਅਜਿਹਾ ਕਰਨ ਦੀ ਹਾਲਤ `ਚ ਪੁਲਿਸ ਉਨ੍ਹਾਂ ਨੂੰ ਫੜ ਕੇ ਜੇਲ੍ਹੀਂ ਡੱਕ ਦਿੰਦੀ ਹੈ।


ਜੰਗਲੀ ਇਲਾਕਿਆਂ `ਚੋਂ ਲੰਘਦੇ ਸਮੇਂ ਉਨ੍ਹਾਂ ਨੂੰ ਕਈ-ਕਈ ਦਿਨ ਭੁੱਖਣ-ਭਾਣੇ ਵੀ ਰਹਿਣਾ ਪੈਂਦਾ ਹੈ, ਵੱਡੇ ਸੱਪਾਂ ਤੇ ਅਜਗਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਹਥਿਆਰਬੰਦ ਲੁਟੇਰੇ ਪਹਿਲਾਂ ਤੋਂ ਹੀ ਉਨ੍ਹਾਂ ਦਾ ਰਾਹ ਤੱਕ ਰਹੇ ਹੁੰਦੇ ਹਨ। ਰਾਹ `ਚ ਪੌਣ-ਪਾਣੀ ਬਦਲਣ ਕਾਰਨ ਇਨ੍ਹਾਂ ਪੰਜਾਬੀਆਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ, ਸੱਟਾਂ ਲੱਗ ਜਾਂਦੀਆਂ ਹਨ ਤੇ ਉਨ੍ਹਾਂ `ਚੋਂ ਬਹੁਤੇ ਤਾਂ ਆਪਣੇ ਅਮਰੀਕੀ ਸੁਫ਼ਨੇ ਪੂਰੇ ਕਰਨ ਤੋਂ ਪਹਿਲਾਂ ਹੀ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਜਾਂਦੇ ਹਨ।


ਹੋਰ ਤਾਂ ਹੋਰ - ਨਸਿ਼ਆਂ ਦੇ ਸਮੱਗਲਰ ਅਜਿਹੇ ਗ਼ੈਰ-ਕਾਨੁੰਨੀ ਪ੍ਰਵਾਸੀਆਂ ਨੂੰ ਨਸਿ਼ਆਂ ਦੀਆਂ ਭਾਰੀ ਖੇਪਾਂ ਚੁੱਕ ਕੇ ਲਿਜਾਣ ਤੇ ਬਾਰਡਰ ਪਾਰ ਕਰਨ ਦੇ ਔਖੇ ਕੰਮ ਸੌਂਪ ਦਿੰਦੇ ਹਨ। ਜੇ ਲੰਘ ਗਏ ਤਾਂ ਉਨ੍ਹਾਂ ਦੀ ਕਿਸਮਤ ਤੇ ਜੇ ਫਸ ਗਏ ਤਾਂ ਉਨ੍ਹਾਂ ਨੂੰ ਲੰਮੇਰੀਆਂ ਜੇਲ੍ਹ-ਸਜ਼ਾਵਾਂ ਕੱਟਣੀਆਂ ਪੈਂਦੀਆਂ ਹਨ।


ਜੇ ਇਹ ਪ੍ਰਵਾਸੀ ਕਿਤੇ ਮੈਕਸੀਕੋ ਦੇ ਮਾਰੂਥਲਾਂ ਦਾ ਰਸਤਾ ਫੜ ਲੈਂਦੇ ਹਨ, ਤਾਂ ਉਹ ਵੀ ਬਹੁਤ ਖ਼ਤਰਨਾਕ ਹੁੰਦਾ ਹੈ ਕਿਉ਼ਕਿ ਸੈਂਕੜੇ ਮੀਲ ਲੰਮੇ ਉਸ ਮਾਰੂਥਲ ਦਾ ਤਾਪਮਾਨ ਦਿਨ ਵੇਲੇ 50 ਡਿਗਰੀ ਸੈਲਸੀਅਸ ਤੇ ਰਾਤ ਨੂੰ 0 ਡਿਗਰੀ ਸੈਲਸੀਅਸ ਹੋ ਜਾਂਦਾ ਹੈ। ਤਾਪਮਾਨ `ਚ ਇੰਨਾ ਵੱਡਾ ਫ਼ਰਕ ਝੱਲਣਾ ਆਮ ਮਨੁੱਖ ਲਈ ਕੋਈ ਸੁਖਾਲ਼ਾ ਕੰਮ ਨਹੀਂ ਹੈ।


ਕੁਝ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਤਾਂ ਅਮਰੀਕੀ ਜੇਲ੍ਹਾਂ `ਚ ਡੱਕ ਦਿੱਤਾ ਜਾਂਦਾ ਹੈ ਪਰ ਬਹੁਤ ਸਾਰੇ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਭਾਰਤ ਵਾਪਸ ਨਹੀਂ ਭੇਜਿਆ ਜਾਂਦਾ, ਸਗੋਂ ਮੈਕਸੀਕੋ ਭੇਜ ਦਿੱਤਾ ਜਾਂਦਾ ਹੈ।


ਜੀ ਹਾਂ, ਮੈਕਸੀਕੋ - ਦਰਅਸਲ, ਅਮਰੀਕਾ ਨਾਲ ਮੈਕਸੀਕੋ ਦੀ 3,155 ਕਿਲੋਮੀਟਰ ਲੰਮੀ ਸਰਹੱਦ ਲੱਗਦੀ ਹੈ; ਇਸੇ ਲਈ ਜਿ਼ਆਦਾਤਰ ਗ਼ੈਰ-ਕਾਨੁੰਨੀ ਪ੍ਰਵਾਸੀ ਇਸੇ ਰਸਤਿਓਂ ਅਮਰੀਕਾ ਪੁੱਜਣ ਦਾ ਜਤਨ ਕਰਦੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਇਸੇ ਸਰਹੱਦ `ਤੇ ਹਜ਼ਾਰਾਂ ਕਿਲੋਮੀਟਰ ਲੰਮੀ ਕੰਧ ਬਣਾਉਣ ਦੇ ਜਤਨ ਕਰ ਰਹੇ ਹਨ। ਇਸ ਸਰਹੱਦ `ਤੇ 1,100 ਕਿਲੋਮੀਟਰ ਲੰਮੀ ਕੰਡਿਆਲ਼ੀ ਵਾੜ ਲੱਗੀ ਹੋਈ ਹੈ ਪਰ ਉਹ ਕਈ ਥਾਵਾਂ ਤੋਂ ਟੁੱਟੀ ਵੀ ਹੋਈ ਹੈ। ਕੁਝ ਥਾਵਾਂ `ਤੇ ਜੰਗਲ਼ੇ ਲੱਗੇ ਹੋਏ ਹਨ। ਖੁੱਲ੍ਹੀਆਂ ਥਾਵਾਂ `ਤੇ ਅਮਰੀਕੀ ਬਾਰਡਰ ਪੈਟਰੋਲ ਟੀਮਾਂ ਕੈਮਰੇ, ਥਰਮਲ ਇਮੇਜਿੰਗ, ਡ੍ਰੋਨ, ਜ਼ਮੀਨਦੋਜ਼ ਸੈਂਸਰ ਵਰਤਦੀਆਂ ਹਨ ਅਤੇ ਉਨ੍ਹਾਂ ਤੋਂ ਇਲਾਵਾ 16,000 ਸੁਰੱਖਿਆ ਜਵਾਨ ਵੀ ਡਿਊਟੀ `ਤੇ ਤਾਇਨਾਤ ਰਹਿੰਦੇ ਹਨ।


ਇਮੀਗ੍ਰੇਸ਼ਨ ਜਾਂ ਟ੍ਰੈਵਲ ਏਜੰਟ ਆਮ ਤੌਰ `ਤੇ ਗ਼ੈਰ-ਕਾਨੂੰਨੀ ਅਮਰੀਕਾ ਜਾਣ ਦੇ ਕਈ ਤਰੀਕੇ ਸੁਝਾਉਂਦੇ ਹਨ। ਇੱਕ ਤਾਂ ਤੁਸੀਂ ਪਹਿਲਾਂ ਲਾਤੀਨੀ ਅਮਰੀਕਾ ਦੇ ਦੇਸ਼ ਇਕੁਆਡੋਰ ਜਾਓ, ਉੱਥੋਂ ਸੜਕ ਰਸਤੇ ਕੋਲੰਬੀਆ, ਪਨਾਮਾ ਦੇ ਜੰਗਲ਼ਾਂ `ਚੋਂ ਹੁੰਦੇ ਹੋਏ ਮੈਕਸੀਕੋ ਪੁੱਜੋ। ਇਸ ਰੂਟ ਰਾਹੀਂ ਟਿਕਾਣੇ `ਤੇ ਪੁੱਜਣ `ਚ 1 ਤੋਂ 3 ਮਹੀਨੇ ਲੱਗਦੇ ਹਨ ਤੇ ਇਹ ਏਜੰਟ ਪੰਜਾਬੀਆਂ ਤੋਂ 8 ਹਜ਼ਾਰ ਡਾਲਰ ਤੋਂ ਲੈ ਕੇ 15,000 ਡਾਲਰ ਵਸੂਲ ਕਰਦੇ ਹਨ; ਜੋ ਛੇ ਤੋਂ 10 ਲੱਖ ਭਾਰਤੀ ਰੁਪਏ ਬਣਦੇ ਹਨ।


ਇੱਕ ਹੋਰ ਰੂਟ ਹੈ - ਪਹਿਲਾਂ ਕੋਲੰਬੀਆ, ਫਿਰ ਪੇਰੂ ਜਾਂ ਬੋਲੀਵੀਆ ਤੇ ਉਸ ਤੋਂ ਬਾਅਦ ਕੇਂਦਰੀ ਅਮਰੀਕਾ ਦੇ ਕਿਸੇ ਦੇਸ਼ ਜਾਂ ਮੈਕਸੀਕੋ `ਚ; ਬਸ਼ਰਤੇ ਜੇ ਜਾਅਲੀ ਦਸਤਾਵੇਜ਼ ਤੇ ਵੀਜ਼ਾ ਚੱਲ ਜਾਣ। ਇਸ ਰੂਟ ਤੋਂ ਵੀ ਕਈ ਹਫਤੇ ਜਾਂ ਮਹੀਨੇ ਲੱਗ ਸਕਦੇ ਹਨ ਤੇ ਇਸ ਰੂਟ ਰਾਹੀਂ ਅਮਰੀਕਾ ਪਹੁੰਚਾਉਣ ਦੇ ਏਜੰਟ 10 ਹਜ਼ਾਰ ਤੋਂ ਲੈ ਕੇ 20 ਹਜ਼ਾਰ ਡਾਲਰ ਵਸੂਲ ਪਾਉਂਦੇ ਹਨ; ਜੋ 7 ਲੱਖ ਤੋਂ ਲੈ ਕੇ 15 ਲੱਖ ਭਾਰਤੀ ਰੁਪਏ ਬਣਦੇ ਹਨ। ਇੰਨੀਆਂ ਮੋਟੀਆਂ ਰਕਮਾਂ ਲੈ ਕੇ ਇਹ ਏਜੰਟ ਆਪਣੇ ਗਾਹਕਾਂ (ਗ਼ੈਰ-ਕਾਨੂੰਨੀ ਪ੍ਰਵਾਸੀਆਂ) ਨੂੰ ਯਾਤਰਾ ਤੇ ਭੋਜਨ ਦੀ ਸਹੂਲਤ ਦਿੰਦੇ ਹਨ, ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਦਿੰਦੇ ਹਨ ਤੇ ਵੱਖੋ-ਵੱਖਰੇ ਦੇਸ਼ਾਂ ਦੇ ਅਧਿਕਾਰੀਆਂ ਨੂੰ ਰਿਸ਼ਵਤਾਂ ਦੇਣ ਦੀ ਜਿ਼ੰਮੇਵਾਰੀ ਵੀ ਉਨ੍ਹਾਂ ਦੀ ਹੀ ਹੁੰਦੀ ਹੈ।


ਰਾਸ਼ਟਰਪਤੀ ਟਰੰਪ ਦੀਆਂ ਇਮੀਗ੍ਰੇਸ਼ਨ ਸਖ਼ਤੀਆਂ ਕਾਰਨ ਭਾਵੇਂ ਅਮਰੀਕਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਕੁਝ ਘਟੀ ਹੈ ਪਰ ਜੇਲ੍ਹ ਜਾਣ ਵਾਲੇ ਭਾਰਤੀਆਂ ਦੀ ਗਿਣਤੀ `ਚ 50% ਇਜ਼ਾਫ਼ਾ ਹੋ ਗਿਆ ਹੈ।


ਜਨਵਰੀ 2017 `ਚ ਜਦੋਂ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ, ਉਸ ਵੇਲੇ ਦੇ ਸਮੇਂ ਭਾਵ ਅਕਤੂਬਰ 2016 ਤੋਂ ਲੈ ਕੇ ਸਤੰਬਰ 2017 ਤੱਕ ਅਮਰੀਕੀ ਅਧਿਕਾਰੀਆਂ ਨੇ 2,227 ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਅਕਤੂਬਰ 2017 ਤੋਂ ਲੈ ਕੇ ਮਈ 2018 ਤੱਕ ਅਜਿਹੇ ਭਾਰਤੀਆਂ ਦੀ ਗਿਣਤੀ 4,197 ਹੋ ਗਈ ਸੀ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:illegal Punjabi immigrants tolerate a lot to enter US