ਅਮਰੀਕਾ ਅਤੇ ਈਰਾਨ ਵਿੱਚ ਵਿਚੋਲਗੀ ਦੀ ਪੇਸ਼ਕਸ਼ ਕਰਦਿਆਂ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੁਹਰਾਇਆ ਕਿ ਪਾਕਿਸਤਾਨ ਕਿਸੇ ਹੋਰ ਦੀ ਲੜਾਈ ਦਾ ਹਿੱਸਾ ਨਹੀਂ ਬਣੇਗਾ, ਬਲਕਿ ਲੜ ਰਹੇ ਦੇਸ਼ਾਂ ਦਰਮਿਆਨ ਮਤਭੇਦਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗਾ।
ਡਾਨ ਨਿਊਜ਼ ਅਨੁਸਾਰ, ਵੀਰਵਾਰ ਨੂੰ ਇੱਕ ਸਮਾਗਮ ਵਿੱਚ ਇਮਰਾਨ ਨੇ ਕਿਹਾ ਕਿ ਪਾਕਿਸਤਾਨ ਕਿਸੇ ਯੁੱਧ ਦਾ ਹਿੱਸਾ ਨਹੀਂ ਬਣੇਗਾ ਕਿਉਂਕਿ ਅਸੀਂ ਦੂਜਿਆਂ ਦੀਆਂ ਲੜਾਈਆਂ ਵਿੱਚ ਹਿੱਸਾ ਲੈ ਕੇ ਪਿਛਲੇ ਸਮੇਂ ਵਿੱਚ ਗ਼ਲਤੀਆਂ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਮੈਂ ਆਪਣੀ ਵਿਦੇਸ਼ ਨੀਤੀ ਪੇਸ਼ ਕਰਨਾ ਚਾਹੁੰਦਾ ਹਾਂ ਕਿ ਅਸੀਂ ਦੂਜਿਆਂ ਦੀ ਲੜਾਈ ਵਿੱਚ ਸ਼ਾਮਲ ਹੋਣ ਦੀਆਂ ਆਪਣੀਆਂ ਗ਼ਲਤੀਆਂ ਨੂੰ ਨਹੀਂ ਦੁਹਰਾਵਾਂਗੇ। ਪਾਕਿਸਤਾਨ ਇਕ ਅਜਿਹਾ ਦੇਸ਼ ਬਣ ਜਾਵੇਗਾ ਜੋ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਲਿਆਏਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਈਰਾਨ ਅਤੇ ਸਾਊਦੀ ਅਰਬ ਦੇ ਨਾਲ-ਨਾਲ ਈਰਾਨ ਅਤੇ ਅਮਰੀਕਾ ਵਿਚਾਲੇ ਟਕਰਾਅ ਨੂੰ ਸੁਲਝਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰੇਗਾ।
ਇਮਰਾਨ ਨੇ ਕਿਹਾ ਕਿ ਅਸੀਂ ਈਰਾਨ ਅਤੇ ਸਾਊਦੀ ਅਰਬ ਦੇ ਦੋਸਤਾਨਾ ਸਬੰਧਾਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਹ ਵੀ ਪ੍ਰਸਤਾਵ ਦਿੱਤਾ ਹੈ ਕਿ ਪਾਕਿਸਤਾਨ ਈਰਾਨ ਅਤੇ ਅਮਰੀਕਾ ਵਿੱਚ ਵਿਚੋਲਗੀ ਕਰਨ ਲਈ ਤਿਆਰ ਹੈ ਤਾਂ ਜੋ ਉਨ੍ਹਾਂ ਵਿਚਾਲੇ ਮਤਭੇਦ ਸੁਲਝ ਸਕਣ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਲੜਾਈ ਵਿੱਚ ਨਹੀਂ ਜਿੱਤਦਾ। ਹੁਣ ਪਾਕਿਸਤਾਨ ਜੰਗ ਨਹੀਂ ਲੜੇਗਾ ਬਲਕਿ ਦੇਸ਼ਾਂ ਨੂੰ ਇਕੱਠੇ ਕਰੇਗਾ।