ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੋਮਵਾਰ ਨੂੰ ਕਿਹਾ ਕਿ ਜੰਗ ਕਸ਼ਮੀਰ ਮੁੱਦੇ ਦਾ ਹੱਲ ਨਹੀਂ ਹੈ ਅਤੇ ਇਸ ਮੁੱਦੇ ਨੂੰ ਗੱਲਬਾਤ ਦੁਆਰਾ ਹੀ ਸੁਲਝਾਇਆ ਜਾ ਸਕਦਾ ਹੈ। ਖ਼ਾਨ ਨੇ ਇਹ ਬਿਆਨ ਸਥਾਨਕ ਸਮਾਚਾਰ ਚੈਨਲਾਂ ਦੇ ਇੱਕ ਸਮੂਹ ਨਾਲ ਕੀਤੀ ਗਈ ਇੱਕ ਵਾਰਤਾ ਦੌਰਾਨ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਈ ਗੱਲਬਾਤ ਸ਼ੁਰੂ ਨਹੀਂ ਹੁੰਦੀ, ਉਦੋਂ ਤੱਕ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਦੇ ਹੋਰਨਾਂ ਰਸਤਿਆਂ ਤੇ ਚਰਚਾ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦੇ ਦੇ ਦੋ ਜਾਂ ਤਿੰਨ ਹੱਲ ਹਨ ਜਿਨ੍ਹਾਂ ਤੇ ਚਰਚਾ ਕੀਤੀ ਗਈ ਹੈ, ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਇਸਦਾ ਹਾਲੇ ਜਵਾਬ ਦੇਣਾ ਜਲਦਬਾਜ਼ੀ ਹੋਵੇਗੀ।
ਭਾਰਤ ਨਾਲ ਕਿਸੇ ਜੰਗ ਦੀ ਸੰਭਾਵਨਾ ਨੂੰ ਖਾਰਿਜ ਕਰਦਿਆਂ ਇਮਰਾਨ ਨੇ ਕਿਹਾ ਕਿ ਪਰਮਾਣੂ ਹਥਿਆਰਾਂ ਵਾਲੇ ਦੋਵੇਂ ਮੁਲਕ ਜੰਗ ਨਹੀਂ ਕਰ ਸਕਦੇ ਕਿਉ਼ਂਕਿ ਇਸਦਾ ਨਤੀਜਾ ਹਮੇਸ਼ਾ ਖਤਰਨਾਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾਲ ਸ਼ਾਂਤੀਪੂਰਨ ਸਬੰਧ ਬਣਾਉਣ ਲਈ ਪਾਕਿਸਤਾਨ ਬੇਹੱਦ ਗੰਭੀਰ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਫ਼ੌਜ ਅਤੇ ਉਨ੍ਹਾਂ ਦੀ ਸਰਕਾਰ ਵੀ ਇਹ ਚਾਹੁੰਦੀ ਹੈ।
ਇਸ ਤੋਂ ਪਹਿਲਾਂ ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਖ਼ਤਮ ਕਰਨ ਦੀ ਕੋਸਿ਼ਸ਼ ਕਰਦਿਆਂ ਕਿਹਾ ਸੀ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ ਗੁਗਲੀ ਸੁੱਟਣਾ ਨਹੀਂ, ਬਲਕਿ ਇਹ ਇੱਕ ਸਪੱਸ਼ਟ ਫੈਸਲਾ ਸੀ।