ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਕਸ਼ਮੀਰ ਵਿੱਚ ਔਰਤਾਂ ਦੇ ਅਧਿਕਾਰਾਂ ਦਾ ਮੁੱਦਾ ਉਠਾਉਣ ਲਈ ਪਾਕਿਸਤਾਨ ਉੱਤੇ ਰੱਜ ਕੇ ਵਰ੍ਹਦਿਆਂ ਭਾਰਤ ਨੇ ਕਿਹਾ ਕਿ ਇਹ ਦੇਸ਼ ਇੱਕ ਅਜਿਹਾ ਸਿਸਟਮ ਚਲਾ ਰਿਹਾ ਹੈ, ਜੋ ਮਾਮੂਲੀ ਸਿਆਸੀ ਮੁਫ਼ਾਦਾਂ ਲਈ ਵੀ ਅੱਤਵਾਦ ਤੇ ‘ਵਿਕਾਸ ਵਿਰੋਧੀ’ ਗਰਮ–ਖਿ਼ਆਲੀ ਵਿਚਾਰਧਾਰਾਵਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਤੇ ਔਰਤਾਂ ਦੀ ਆਵਾਜ਼ ਨੂੰ ਦਬਾਉਂਦਾ ਹੈ।
ਭਾਰਤ ਵੱਲੋਂ ਇਹ ਸਖ਼ਤ ਪ੍ਰਤੀਕਰਮ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਅਹੁਦੇ ਤੋਂ ਲਾਂਭੇ ਹੋਣ ਜਾ ਰਹੀ ਦੂਤ ਮਲੀਹਾ ਲੋਧੀ ਵੱਲੋਂ 29 ਅਕਤੂਬਰ ਦੀ ਚਰਚਾ ਦੌਰਾਨ ਕਸ਼ਮੀਰ ’ਚ ਧਾਰਾ–370 ਦੀਆਂ ਵਿਵਸਥਾਵਾਂ ਰੱਦ ਕੀਤੇ ਜਾਣ ਪਿੱਛੋਂ ਔਰਤਾਂ ਦੇ ਅਧਿਕਾਰਾਂ ਬਾਰੇ ਟਿੱਪਣੀ ਕੀਤੇ ਜਾਣ ਤੋਂ ਬਾਅਦ ਆਇਆ ਹੈ।
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੀ ਫ਼ਸਟ ਸੈਕਰੇਟਰੀ ਪਾਲੋਮੀ ਤ੍ਰਿਪਾਠੀ ਨੇ ਮਹਿਲਾ, ਸ਼ਾਂਤੀ ਤੇ ਸੁਰੱਖਿਆ ਵਿਸ਼ੇ ’ਤੇ ਸਲਾਮਤੀ ਕੌਂਸਲ ਦੀ ਖੁੱਲ੍ਹੀ ਚਰਚਾ ਦੌਰਾਨ ਸੋਮਵਾਰ ਨੂੰ ਕਿਹਾ ਕਿ – ‘ਅੱਜ ਹਰ ਕੋਈ ਸਮੂਹਕ ਜਤਨਾਂ ਉੱਤੇ ਜ਼ੋਰ ਦੇ ਰਿਹਾ ਹੈ, ਉੱਥੇ ਇੱਕ ਵਫ਼ਦ ਮੇਰੇ ਦੇਸ਼ ਵਿੱਚ ਔਰਤਾਂ ਦੇ ਅਧਿਕਾਰਾਂ ਬਾਰੇ ਬੇਲੋੜੀ ਬਿਆਨਬਾਜ਼ੀ ਕਰ ਰਿਹਾ ਹੈ।’
ਪਾਕਿਸਤਾਨ ਦਾ ਨਾਂਅ ਲਏ ਬਿਨਾ ਸ੍ਰੀਮਤੀ ਤ੍ਰਿਪਾਠੀ ਨੇ ਕਿਹਾ ਕਿ ਉਹ ਵਫ਼ਦ ਅਜਿਹੇ ਸਿਸਟਮ ਦੀ ਨੁਮਾਇੰਦਗੀ ਕਰਦਾ ਹੈ, ਜੋ ਸਿਰਫ਼ ਸਿਆਸੀ ਲਾਹੇ ਲਈ ਅੱਤਵਾਦ ਅਤੇ ਪ੍ਰਗਤੀ ਵਿਰੋਧੀ ਗਰਮ–ਖਿ਼ਆਲੀ ਵਿਚਾਰਧਾਰਾਵਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਅਤੇ ਔਰਤਾਂ ਦੀ ਆਵਾਜ਼ ਦਬਾਉਂਦਾ ਹੈ।
ਸ੍ਰੀਮਤੀ ਤ੍ਰਿਪਾਠੀ ਨੇ ਕਿਹਾ ਕਿ ਉਸ ਦੇਸ਼ ਦੇ ਸਿਸਟਮ ਨੇ ਸਾਡੇ ਖੇਤਰ, ਔਰਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਕਈ ਪੀਡ੍ਹੀਆਂ ਦਾ ਜੀਵਨ ਤਬਾਹ ਕਰ ਦਿੱਤਾ ਹੈ।