ਬ੍ਰਿਟਿਸ਼ ਸਰਕਾਰ ਨੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਕਥਿਤ ਸਾਥੀ ਟਾਈਗਰ ਹਨੀਫ ਦੀ ਹਵਾਲਗੀ ਲਈ ਭਾਰਤ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ। ਯੂਕੇ ਦੇ ਗ੍ਰਹਿ ਵਿਭਾਗ ਨੇ ਇਸ ਦੀ ਪੁਸ਼ਟੀ ਕੀਤੀ ਹੈ। ਭਾਰਤ ਵਿੱਚ ਹਨੀਫ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ 1993 ਨੂੰ ਹੋਏ ਦੋ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਲੋੜੀਂਦਾ ਹੈ।
ਹਨੀਫ ਦਾ ਪੂਰਾ ਨਾਮ ਮੁਹੰਮਦ ਹਨੀਫ ਉਮੇਰਜੀ ਪਟੇਲ ਹੈ ਅਤੇ ਗ੍ਰੇਟਰ ਮੈਨਚੇਸਟਰ ਦੇ ਬੋਲਟਾਨ ਦੇ ਇੱਕ ਕਰਿਆਣਾ ਦੁਕਾਨ ਵਿੱਚ ਦਿਖਣ ਤੋਂ ਬਾਅਦ ਸਕਾਟਲੈਂਡ ਯਾਰਡ ਨੇ ਹਵਾਲਗੀ ਵਾਰੰਟ ਉੱਤੇ ਉਸ ਨੂੰ ਫਰਵਰੀ 2010 ਵਿੱਚ ਗ੍ਰਿਫ਼ਤਾਰ ਕੀਤਾ ਸੀ। ਹਨੀਫ (57) ਨੇ ਉਸ ਤੋਂ ਬਾਅਦ ਬ੍ਰਿਟੇਨ ਵਿੱਚ ਰਹਿਣ ਦੀ ਕੋਸ਼ਿਸ਼ ਕਰਦਿਆਂ, ਕਈ ਵਾਰ ਕਿਹਾ ਹੈ ਕਿ ਭਾਰਤ ਭੇਜਣ 'ਤੇ ਉਸ ਨੂੰ ਉਥੇ ਤਸੀਹੇ ਦਿੱਤੇ ਜਾਣਗੇ।
ਆਖਰਕਾਰ, ਇਹ ਗ੍ਰਹਿ ਮੰਤਰੀ ਸਾਜਿਦ ਜਾਵੇਦ ਦੇ ਕਾਰਜਕਾਲ ਦੌਰਾਨ ਇੱਕ ਕਾਨੂੰਨੀ ਸਫਲਤਾ ਮਿਲੀ ਅਤੇ ਪਾਕਿਸਤਾਨੀ ਮੂਲ ਦੇ ਮੰਤਰੀ (ਜਾਵੇਦ) ਨੇ ਪਿਛਲੇ ਸਾਲ ਉਸ ਦੀ ਭਾਰਤ ਹਵਾਲਗੀ ਵਾਲੀ ਬੇਨਤੀ ਨੂੰ ਰੱਦ ਕਰ ਦਿੱਤਾ।
ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਇਕ ਸੂਤਰ ਨੇ ਐਤਵਾਰ (17 ਮਈ) ਨੂੰ ਕਿਹਾ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਹਨੀਫ ਦੀ ਹਵਾਲਗੀ ਦੀ ਬੇਨਤੀ ਨੂੰ ਉਸ ਸਮੇਂ ਦੇ ਗ੍ਰਹਿ ਮੰਤਰੀ ਨੇ ਖਾਰਜ ਕਰ ਦਿੱਤਾ ਸੀ ਅਤੇ ਅਦਾਲਤ ਨੇ ਉਸ ਨੂੰ ਅਗਸਤ 2019 ਵਿੱਚ ਦੋਸ਼ ਮੁਕਤ ਕਰ ਦਿੱਤਾ ਸੀ। ਹਨੀਫ ਦੀ ਹਵਾਲਗੀ ਦਾ ਪਹਿਲਾ ਹੁਕਮ ਜੂਨ 2012 ਵਿੱਚ ਤੱਤਕਾਲੀਨ ਗ੍ਰਹਿ ਮੰਤਰੀ ਟੇਰੇਸਾ ਮੇ ਨੇ ਦਿੱਤਾ ਸੀ।