ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੂੰ ਅੱਜ ਮਿਲੇਗਾ ਪਹਿਲਾ ਰਾਫ਼ੇਲ, ਅੰਬਾਲਾ ’ਚ ਹੋਵੇਗਾ ਪਹਿਲਾ ਸਕੁਐਡਰਨ

ਭਾਰਤ ਨੂੰ ਅੱਜ ਮਿਲੇਗਾ ਪਹਿਲਾ ਰਾਫ਼ੇਲ, ਅੰਬਾਲਾ ’ਚ ਹੋਵੇਗਾ ਪਹਿਲਾ ਸਕੁਐਡਰਨ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਮੰਗਲਵਾਰ ਨੂੰ ਫ਼ਰਾਂਸ ਦੇ ਰਾਸ਼ਟਰਪਤੀ ਇਮਾਨੂਏਲ ਮੈਕ੍ਰੋਂ ਨਾਲ ਮੁਲਾਕਾਤ ਕਰਨਗੇ ਤੇ ਬੰਦਰਗਾਹ ਸ਼ਹਿਰ ਬੋਰਡੌਕਸ ’ਚ ਪਹਿਲਾ ਰਾਫ਼ੇਲ ਜੰਗੀ ਹਵਾਈ ਜਹਾਜ਼ ਹਾਸਲ ਕਰਨਗੇ। ਭਾਰਤ ਨੇ ਕੁੱਲ 36 ਰਾਫ਼ੇਲ ਜਹਾਜ਼ ਖ਼ਰੀਦੇ ਹਨ।

 

 

ਅੱਜ ਦੁਸਹਿਰਾ ਮੌਕੇ ਸ੍ਰੀ ਰਾਜਨਾਥ ਸਿੰਘ ਫ਼ਰਾਂਸ ’ਚ ਹੀ ਸ਼ਸਤਰ–ਪੂਜਾ (ਹਥਿਆਰਾਂ ਦੀ ਪੂਜਾ) ਵੀ ਕਰਨਗੇ। ਉਹ ਰਾਫ਼ੇਲ ਹਵਾਈ ਜਹਾਜ਼ ’ਚ ਉਡਾਣ ਵੀ ਭਰਨਗੇ। ਇਸ ਤੋਂ ਪਹਿਲਾਂ ਕੱਲ੍ਹ ਸੋਮਵਾਰ ਨੂੰ ਉਹ ਦਿੱਲੀ ਤੋਂ ਤਿੰਨ–ਦਿਨਾ ਦੌਰੇ ਲਈ ਫ਼ਰਾਂਸ ਰਵਾਨਾ ਹੋਏ ਸਨ।

 

 

ਸ੍ਰੀ ਮੈਕ੍ਰੋਂ ਨਾਲ ਮੀਟਿੰਗ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਰੱਖਿਆ ਤੇ ਸੁਰੱਖਿਆ ਸਬੰਧਾਂ ਬਾਰੇ ਚਰਚਾ ਹੋਵੇਗੀ। ਸ੍ਰੀ ਮੈਕ੍ਰੋਂ ਨਾਲ ਪੈਰਿਸ ਦੇ ਐਲਿਸੀ ਪੈਲੇਸ ਵਿੱਚ ਮੁਲਾਕਾਤ ਤੋਂ ਬਾਅਦ ਰੱਖਿਆ ਮੰਤਰੀ ਬੋਰਡੌਕਸ ਜਾਣਗੇ, ਜਿੱਥੇ ਉਹ ਇੱਕ ਸਮਾਰੋਹ ਦੌਰਾਨ ਪਹਿਲਾ ਰਾਫ਼ੇਲ ਜੰਗੀ ਹਵਾਈ ਜਹਾਜ਼ ਹਾਸਲ ਕਰਨਗੇ।

 

 

ਇਸ ਪ੍ਰੋਗਰਾਮ ਦੌਰਾਨ ਫ਼ਰਾਂਸੀਸੀ ਰੱਖਿਆ ਮੰਤਰੀ ਫ਼ਲੋਰੈਂਸ ਪਾਰਲੀ ਤੇ ਰਾਫ਼ੇਲ ਜੈੱਟ ਨਿਰਮਾਤਾ ਦਸੌਲਟ ਏਵੀਏਸ਼ਨ ਦੇ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ। ਇਹ ਸਮਾਰੋਹ ਭਾਰਤੀ ਹਵਾਈ ਫ਼ੌਜ ਦੇ ਸਥਾਪਨਾ ਦਿਵਸ ਦੇ ਨਾਲ–ਨਾਲ ਦੁਸਹਿਰਾ ਦੇ ਪਵਿੱਤਰ ਤਿਉਹਾਰ ਮੌਕੇ ਹੋ ਰਿਹਾ ਹੈ।

 

 

ਇਸ ਦੌਰਾਨ ਏਅਰ ਬੇਸ ’ਤੇ ਰਵਾਇਤੀ ਸ਼ਸਤਰ–ਪੂਜਾ ਦੀ ਵਿਵਸਥਾ ਕੀਤੀ ਗਈ ਹੈ, ਜੋ ਦੁਸਹਿਰਾ ਸਮਾਰੋਹ ਦਾ ਹਿੱਸਾ ਹੈ। ਪੂਜਾ ਤੋਂ ਬਾਅਦ ਸ੍ਰੀ ਰਾਜਨਾਥ ਸਿੰਘ ਦੋ ਸੀਟਾਂ ਵਾਲੇ ਸਿਖਲਾਈ ਹਵਾਈ ਜਹਾਜ਼ ’ਚ ਉਡਾਣ ਭਰਨਗੇ। ਰਾਫ਼ੇਲ ਜੈੱਟ ਹਵਾਈ ਜਹਾਜ਼ ਸੌਂਪਣ ਦਾ ਪ੍ਰੋਗਰਾਮ ਬੋਰਡੌਕਸ ਦੇ ਮੇਰੀਗਨੈਕ ਵਿਖੇ ਦਸਾਲਟ ਏਵੀਏਸ਼ਨ ਦੇ ਕੈਂਪਸ ’ਚ ਹੋਵੇਗਾ। ਇਹ ਸਥਾਨ ਪੈਰਿਸ ਤੋਂ ਲਗਭਗ 590 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।

 

 

ਚਾਰ ਰਾਫ਼ੇਲ ਹਵਾਈ ਜਹਾਜ਼ਾਂ ਦੀ ਅਗਲੀ ਖੇਪ ਮਈ 2020 ’ਚ ਆਵੇਗੀ। ਸੂਤਰਾਂ ਨੇ ਦੱਸਿਆ ਕਿ ਰਾਫ਼ੇਲ ਹਵਾਈ ਜਹਾਜ਼ ਦਾ ਪਹਿਲਾ ਸਕੁਐਡਰਨ ਹਵਾਈ ਫ਼ੌਜ ਦੇ ਅੰਬਾਲਾ ਸਥਿਤ ਸਟੇਸ਼ਨ (ਏਅਰ ਫ਼ੋਰਸ ਸਟੇਸ਼ਨ) ਉੱਤੇ ਤਾਇਨਾਤ ਕੀਤਾ ਜਾਵੇਗਾ। ਇਹ ਹਵਾਈ ਅੱਡਾ ਭਾਰਤੀ ਹਵਾਈ ਫ਼ੌਜ ਦੀ ਰਣਨੀਤਕ ਪਹੁੰਚ ਮੁਤਾਬਕ ਅਹਿਮ ਅੱਡਿਆਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ। ਇਹ ਹਵਾਈ ਅੱਡਾ ਭਾਰਤ–ਪਾਕਿਸਤਾਨ ਸਰਹੱਦ ਤੋਂ ਲਗਭਗ 220 ਕਿਲੋਮੀਟਰ ਦੂਰ ਹੈ।

 

 

ਰਾਫ਼ੇਲ ਦਾ ਦੂਜਾ ਸਕੁਐਡਰਨ ਪੱਛਮੀ ਬੰਗਾਲ ’ਚ ਹਾਸ਼ੀਮਾਰਾ ਅੱਡੇ ਉੱਤੇ ਤਾਇਨਾਤ ਹੋਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India to get first Rafale Combat Aircraft today First squadron will be at Ambala Air Force Station