ਭਾਰਤੀ ਮੂਲ ਦੀ 47 ਸਾਲਾ ਮਹਿਲਾ ਡਾਕਟਰ ਵਿਲਾਸਿਨੀ ਗਣੇਸ਼ ਨੂੰ ਅਮਰੀਕੀ ਅਦਾਲਤ ਨੇ ਪੰਜ ਵਰ੍ਹੇ ਕੈਦ ਦੀ ਸਜ਼ਾ ਸੁਣਾਈ ਹੈ। ਵਿਲਾਸਿਨੀ `ਤੇ ਸਿਹਤ-ਸੰਭਾਲ ਖੇਤਰ `ਚ ਧੋਖਾਧੜੀ ਕਰਨ ਅਤੇ ਮੈਡੀਕਲ ਭੱਤਿਆਂ ਦੇ ਪ੍ਰੋਗਰਾਮ ਲਈ ਝੂਠੇ ਬਿਆਨ ਦੇਣ ਦਾ ਦੋਸ਼ ਸੀ।
ਅਮਰੀਕੀ ਅਟਾਰਨੀ ਅਲੈਕਸ ਸੇ ਨੇ ਦੱਸਿਆ ਕਿ ‘ਦੋਸ਼ੀ` ਵਿਲਾਸਿਨੀ ਗਣੇਸ਼ ਨੂੰ ਬੀਤੀ 28 ਅਗਸਤ ਨੂੰ ਸਜ਼ਾ ਸੁਣਾਈ ਗਈ ਹੈ। ਉਸ ਦੇ ਪਤੀ ਗ੍ਰੈਗਰੀ ਬੈਲਚਰ (56) ਨੂੰ ਵੀ ਪਿਛਲੇ ਵਰ੍ਹੇ ਦਸੰਬਰ `ਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਅੱਠ ਹਫ਼ਤਿਆਂ ਤੱਕ ਚੱਲਦੀ ਰਹੀ ਸੀ।
ਅਦਾਲਤ `ਚ ਪੇਸ਼ ਕੀਤੇ ਗਏ ਸਬੂਤਾਂ ਮੁਤਾਬਕ ਵਿਲਾਸਿਨੀ ਗਣੇਸ਼ ਨੇ ਪਰਿਵਾਰਕ ਮੈਡੀਕਲ ਪ੍ਰੈਕਟਿਸ ਕਰਦਿਆ ਕਈ ਝੂਠੇ ਮੈਡੀਕਲ ਕਲੇਮ ਪੇਸ਼ ਕੀਤੇ ਸਨ। ਉਨ੍ਹਾਂ ਨੇ ਅਜਿਹੇ ਕੁਝ ਮਰੀਜ਼ਾਂ ਦੇ ਨਾਂਅ `ਤੇ ਮੈਡੀਕਲ ਕਲੇਮ ਪੇਸ਼ ਕੀਤੇ ਸਨ, ਜੋ ਡਾ. ਵਿਲਾਸਿਨੀ ਗਣੇਸ਼ ਨੇ ਚੈੱਕ ਵੀ ਨਹੀਂ ਕੀਤੇ ਹੁੰਦੇ ਸਨ। ਉਨ੍ਹਾਂ ਕੁਝ ਅਜਿਹੇ ਫਿ਼ਜ਼ੀਸ਼ੀਅਨ ਪ੍ਰੋਵਾਈਡਰਜ਼ ਵੱਲੋਂ ਚੈੱਕ ਕੀਤੇ ਮਰੀਜ਼ਾਂ ਦੇ ਮੈਡੀਕਲ ਕਲੇਮ ਵੀ ਪੇਸ਼ ਕੀਤੇ ਸਨ, ਜਿਹੜੇ ਉਨ੍ਹਾਂ ਨਾਲ ਸਬੰਧਤ ਵੀ ਨਹੀਂ ਸਨ। ਉਨ੍ਹਾਂ ਇੱਕ-ਇੱਕ ਮਰੀਜ਼ ਦੇ ਇੱਕ ਮਹੀਨੇ ਦੌਰਾਨ 12 ਤੋਂ 15 ਵਾਰ ਵੀ ਬਿਲ ਪੇਸ਼ ਕੀਤੇ ਸਨ।
ਜੁਲਾਈ 2017 `ਚ ਇੱਕ ਕੇਂਦਰੀ ਗ੍ਰੈਂਡ ਜਿਊਰੀ ਨੇ ਵਿਲਾਸਿਨੀ ਗਣੇਸ਼ ਤੇ ਬੈਲਚਰ ਖਿ਼ਲਾਫ਼ ਕੇਸ ਦਾਇਰ ਕਰਨ ਦੀ ਪ੍ਰਵਾਨਗੀ ਦਿੱਤੀ ਸੀ।