ਅਮਰੀਕੀ ਅਧਿਕਾਰੀਆਂ ਨੂੰ ਮੈਕਸੀਕੋ ਦੀ ਸਰਹੱਦ ਕੋਲੋਂ ਸੱਤ ਸਾਲਾਂ ਦੀ ਇੱਕ ਬੱਚੀ ਦੀ ਲਾਸ਼ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕੁੜੀ ਭਾਰਤੀ ਸੀ।
ਅਧਿਕਾਰੀ ਇਸ ਨੂੰ ਅਮਰੀਕਾ ਵਿੱਚ ਨਾਜਾਇਜ਼ ਤੌਰ ’ਤੇ ਦਾਖ਼ਲ ਹੋਣ ਦਾ ਮਾਮਲਾ ਮੰਨ ਕੇ ਜਾਂਚ–ਪੜਤਾਲ ਵਿੱਚ ਲੱਗੇ ਹੋਏ ਹਨ।
ਅਮਰੀਕਾ ਦੀ ‘ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ’ (CBP) ਏਜੰਸੀ ਅਨੁਸਾਰ – ਏਰੀਜ਼ੋਨਾ ਸੂਬੇ ਦੇ ਲਿਯੂਕਵਿਲੇ ਸ਼ਹਿਰ ਤੋਂ 27 ਕਿਲੋਮੀਟਰ ਦੂਰ ਇਹ ਲਾਸ਼ ਮਿਲੀ ਹੈ।
ਸੀਬੀਪੀ ਦੀ ਗਸ਼ਤੀ–ਟੋਲੀ ਦੇ ਮੁਖੀ ਰਾਏ ਵਿਲੇਰੀਅਲ ਨੇ ਕਿਹਾ ਕਿ ਉਨ੍ਹਾਂ ਦੀਆਂ ਸੰਵੇਦਨਾਵਾਂ ਕੁੜੀ ਦੇ ਪਰਿਵਾਰ ਨਾਲ ਹਨ। ਇਹ ਬੇਵਜ੍ਹਾ ਮੌਤ ਉਨ੍ਹਾਂ ਗਿਰੋਹਾਂ ਕਾਰਨ ਹੋਈ ਜਾਪਦੀ ਹੈ, ਜੋ ਆਪਣੇ ਫ਼ਾਇਦੇ ਲਈ ਹੋਰਨਾਂ ਦੀ ਜ਼ਿੰਦਗੀ ਵੀ ਖ਼ਤਰੇ ਵਿੱਚ ਪਾ ਰਹੇ ਹਨ।
ਇਹ ਕੁੜੀ ਚਾਰ ਜਣਿਆਂ ਨਾਲ ਯਾਤਰਾ ਕਰ ਰਹੀ ਸੀ। ਮਨੁੱਖੀ ਸਮੱਗਲਰਾਂ ਨੇ ਉਨ੍ਹਾਂ ਨੂੰ ਸਰਹੱਦ ਉੱਤੇ ਛੱਡ ਦਿੱਤਾ ਸੀ ਤੇ ਕਿਸੇ ਖ਼ਤਰਨਾਕ ਥਾਂ ’ਤੇ ਅਮਰੀਕਾ ਅੰਦਰ ਦਾਖ਼ਲ ਹੋਣ ਲਈ ਕਿਹਾ ਸੀ। ਅਮਰੀਕਾ ਗਸ਼ਤੀ ਅਧਿਕਾਰੀਆਂ ਨੂੰ ਭਾਰਤ ਦੀਆਂ ਦੋ ਔਰਤਾਂ ਤੋਂ ਪੁੱਛਗਿੱਛ ਦੌਰਾਨ ਇਹ ਜਾਣਕਾਰੀ ਮਿਲੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਉਹ ਅਮਰੀਕਾ ਵਿੱਚ ਕਿਵੇਂ ਦਾਖ਼ਲ ਹੋਈ ਤੇ ਕਿਵੇਂ ਇੱਕ ਔਰਤ ਤੇ ਦੋ ਬੱਚੇ ਉਨ੍ਹਾਂ ਤੋਂ ਵਿੱਛੜ ਗਏ। ਅਧਿਕਾਰੀਆਂ ਨੇ ਦੋਵੇਂ ਔਰਤਾਂ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਲਾਪਤਾ ਲੋਕਾਂਾ ਦੀ ਭਾਲ ਸ਼ੁਰੂ ਕੀਤੀ।
ਕੁਝ ਘੰਟਿਆਂ ਪਿੱਛੋਂ ਹੀ ਲੜਕੀ ਦੀ ਲਾਸ਼ ਬਰਾਮਦ ਹੋ ਗਈ। ਬਾਕੀ ਲੋਕਾਂ ਦੀ ਭਾਲ ਵਿੱਚ ਵੀ ਹੈਲੀਕਾਪਟਰ ਲਾਏ ਗਏ ਹਨ।