ਦੁਬਈ ਵਿੱਚ ਰਹਿੰਦੇ ਇਕ ਭਾਰਤੀ ਵਿਅਕਤੀ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਕਾਰ ਦੀ ਅਗਲੀ ਸੀਟ 'ਤੇ ਰੱਖ ਕੇ 45 ਮਿੰਟ ਤੱਕ ਸ਼ਹਿਰ ਵਿੱਚ ਘੁੰਮਦਾ ਰਿਹਾ। ਇਸ ਵਿਚਕਾਰ ਉਹ ਰਸਤੇ ਵਿੱਚ ਭੋਜਨ ਲੈਣ ਲਈ ਵੀ ਉਤਰਿਆ ਸੀ। ਹਾਲਾਂਕਿ, ਬਾਅਦ ਵਿੱਚ ਉਸ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਦੁਬਈ ਦੀ ਅਦਾਲਤ ਨੇ ਕੇਸ ਦੀ ਸੁਣਵਾਈ ਕੀਤੀ। ਦਰਅਸਲ, 27 ਸਾਲਾ ਦੋਸ਼ੀ ਵਿਅਕਤੀ ਨੂੰ ਖ਼ਬਰ ਮਿਲੀ ਸੀ ਕਿ ਉਸ ਦੀ ਪ੍ਰੇਮਿਕਾ ਦਾ ਕਿਸੇ ਹੋਰ ਨਾਲ ਰਿਸ਼ਤਾ ਹੈ। ਇਸ ਤੋਂ ਤੰਗ ਆ ਕੇ ਉਸ ਨੇ ਪ੍ਰੇਮਿਕਾ ਦੇ ਗਲੇ 'ਤੇ ਚਾਕੂ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਉਸ ਨੇ ਆਪਣੀ ਕਾਰ ਅਲ ਮੁਰੱਕਾਬਾਦ ਥਾਣੇ ਦੀ ਪਾਰਕਿੰਗ ਵਿੱਚ ਖੜ੍ਹੀ ਕਰ ਦਿੱਤੀ ਅਤੇ ਪੁਲਿਸ ਦੇ ਸਾਹਮਣੇ ਗੁਨਾਹ ਨੂੰ ਕਬੂਲਿਆ। ਦੱਸਣਯੋਗ ਹੈ ਕਿ ਇਹ ਘਟਨਾ ਬੀਤੀ ਜੁਲਾਈ ਦੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜਦੋਂ ਉਹ ਥਾਣੇ ਦੇ ਅੰਦਰ ਆਇਆ ਤਾਂ ਉਹ ਹੈਰਾਨ ਰਹਿ ਗਿਆ। ਉਸ ਦੇ ਕੱਪੜੇ ਲਹੂ ਨਾਲ ਭਿੱਜੇ ਹੋਏ ਸਨ।
ਉਹ ਡਰ ਗਿਆ ਸੀ ਅਤੇ ਉਸ ਨੇ ਦੱਸਿਆ ਕਿ ਉਸ ਨੇ ਆਪਣੀ ਸਹੇਲੀ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਲਾਸ਼ ਕਾਰ ਦੀ ਅਗਲੀ ਸੀਟ 'ਤੇ ਸੀ ਅਤੇ ਉਸ ਦਾ ਗਲਾ ਕੱਟਿਆ ਹੋਇਆ ਦਿਖਾਈ ਦੇ ਰਿਹਾ ਸੀ। ਪਿਛਲੀ ਸੀਟ 'ਤੇ ਖੂਨ ਨਾਲ ਭਿਜਿਆ ਇੱਕ ਵੱਡਾ ਚਾਕੂ ਪਿਆ ਹੋਇਆ ਸੀ। ਵਿਅਕਤੀ ਨੇ ਮੰਨਿਆ ਕਿ ਉਹ 5 ਸਾਲਾਂ ਤੋਂ ਲੜਕੀ ਨਾਲ ਰਿਸ਼ਤੇ ਵਿੱਚ ਰਿਹਾ ਸੀ ਪਰ ਅਚਾਨਕ ਅਹਿਸਾਸ ਹੋਇਆ ਕਿ ਉਹ ਕਿਸੇ ਹੋਰ ਨਾਲ ਰਿਸ਼ਤੇ ਵਿੱਚ ਹੈ।
ਦੋਸ਼ੀ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮੇਲ ਕਰ ਕੇ ਧਮਕੀ ਦਿੱਤੀ ਸੀ ਕਿ ਜੇ ਉਹ ਰਿਸ਼ਤੇ ਅਤੇ ਧੋਖਾਧੜੀ ਦੇ ਇਸ ਮਾਮਲੇ ਵਿੱਚ ਸਮੇਂ ਸਿਰ ਸਹੀ ਫੈਸਲਾ ਨਹੀਂ ਲੈਂਦੀ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਉਸ ਨੇ ਦੱਸਿਆ ਕਿ ਇਕ ਮਾਲ ਦੇ ਬਾਹਰ ਦੋਵਾਂ ਵਿਚਾਲੇ ਗ਼ਲਤ ਬਹਿਸ ਤੋਂ ਬਾਅਦ ਲੜਕੀ ਦਾ ਕਤਲ ਕਰ ਦਿੱਤਾ।