ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਿਡਨੀ ’ਚ ਭਾਰਤੀ ਮੂਲ ਦੀ ਡੈਂਟਿਸਟ ਦਾ ਕਤਲ, ਲਾਸ਼ ਸੂਟਕੇਸ ’ਚੋਂ ਮਿਲੀ

ਡਾ. ਪ੍ਰੀਤੀ ਰੈੱਡੀ ਦੀ ਫ਼ਾਈਲ ਫ਼ੋਟੋ

ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰ ਸਿਡਨੀ ’ਚ ਭਾਰਤੀ ਮੂਲ ਦੀ ਡੈਂਟਿਸਟ ਡਾ. ਪ੍ਰੀਤੀ ਰੈੱਡੀ (32) ਦਾ ਕਤਲ ਹੋ ਗਿਆ ਹੈ। ਕਾਤਲ ਨੇ ਚਾਕੂ ਮਾਰ ਕੇ ਉਸ ਦੀ ਜਾਨ ਲਈ ਤੇ ਫਿਰ ਉਸ ਦੀ ਲਾਸ਼ ਇੱਕ ਸੂਟਕੇਸ ਵਿੱਚ ਤੁੰਨ ਕੇ ਉਸੇ ਦੀ ਕਾਰ ਵਿੱਚ ਰੱਖ ਦਿੱਤੀ। ਡਾ. ਪ੍ਰੀਤੀ ਰੈੱਡੀ ਐਤਵਾਰ ਤੋਂ ਲਾਪਤਾ ਸੀ।

 

 

ਲਾਸ਼ ਉੱਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਹਨ। ਨਿਊ ਸਾਊਥ ਵੇਲਜ਼ ਪੁਲਿਸ ਮੁਤਾਬਕ ਉਹ ਇਸ ਮੌਤ ਨਾਲ ਸਬੰਧਤ ਹਾਲਾਤ ਦੇ ਆਧਾਰ ਉੱਤੇ ਹੀ ਜਾਂਚ ਕਰਦੀ ਹੋਈ ਅੱਗੇ ਵਧ ਰਹੀ ਹੈ। ਉਹ ਸਿਡਨੀ ਤੋਂ 70 ਕਿਲੋਮੀਟਰ ਪੱਛਮ ਵੱਲ ਬਲੂ ਮਾਊਂਟੇਨਜ਼ ਵਿਖੇ ਗਲੇਨਬਰੁੱਕ ਡੈਂਟਲ ਸਰਜਰੀ ’ਚ ਕੰਮ ਕਰਦੀ ਸੀ।

 

 

ਪੁਲਿਸ ਮੁਤਾਬਕ ਪ੍ਰੀਤੀ ਸਿਡਨੀ ਦੀ ਮਾਰਕਿਟ ਸਟਰੀਟ ਦੇ ਇੱਕ ਹੋਟਲ ਵਿੱਚ ਆਪਣੇ ਸਾਬਕਾ ਬੁਆਏ–ਫ਼ਰੈਂਡ ਨਾਲ ਠਹਿਰੀ ਹੋਈ ਸੀ। ਉਸ ਦਾ ਬੁਆਏ–ਫ਼ਰੈਂਡ ਸੋਮਵਾਰ ਦੀ ਰਾਤ ਨੂੰ ਟਾਮਵਰਥ ਦੇ ਦੱਖਣ ਵੱਲ ਨਿਊ ਇੰਗਲੈਂਡ ਹਾਈਵੇਅ ਉੱਤੇ ਇੱਕ ਟਰੱਕ ਨਾਲ ਹੋਈ ਸਿੱਧੀ ਟੱਕਰ ਵਿੱਚ ਮਾਰਿਆ ਗਿਆ ਸੀ।

 

 

ਅੱਜ ਬੁੱਧਵਾਰ ਨੂੰ ਪੁਲਿਸ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਪੁਲਿਸ ਨੇ ਡਾ. ਪ੍ਰੀਤੀ ਦੀ ਗੁੰਮਸ਼ੁਦਗੀ ਦੇ ਮੁੱਦੇ ਉੱਤੇ ਐਤਵਾਰ ਨੂੰ ਬੁਆਏ–ਫ਼ਰੈਂਡ ਨਾਲ ਵੀ ਗੱਲ ਕੀਤੀ ਸੀ ਪਰ ਅਗਲੇ ਦਿਨ ਉਹ ਹਾਦਸੇ ਵਿੱਚ ਮਾਰਿਆ ਗਿਆ। ‘ਏਬੀਸੀ’ ਨਾਂਅ ਦੇ ਅਖ਼ਬਾਰ ਨੇ ਬੁਆਏ–ਫ਼ਰੈਂਡ ਦਾ ਨਾਂਅ ਹਰਸ਼ ਨਾਰਦੇ ਦੱਸਿਆ ਹੈ। ਉਸ ਨਾਲ ਸੜਕ ਹਾਦਸਾ ਉਸ ਥਾਂ ਤੋਂ 340 ਕਿਲੋਮੀਟਰ ਦੂਰ ਵਾਪਰਿਆ, ਜਿੱਥੋਂ ਡਾ. ਪ੍ਰੀਤੀ ਦੀ ਲਾਸ਼ ਬਰਾਮਦ ਹੋਈ ਹੈ।

 

 

ਡਾ. ਨਾਰਦੇ ਵੀ ਇੱਕ ਡੈਂਟਿਸਟ ਸੀ ਤੇ ਉਹ ਡਾ. ਪ੍ਰੀਤੀ ਰੈੱਡੀ ਦੇ ਕਤਲ ਦਾ ਪ੍ਰਮੁੱਖ ਗਵਾਹ ਸੀ। ਇਨ੍ਹਾਂ ਦੋਵੇਂ ਦੁਖਦਾਈ ਘਟਨਾਵਾਂ ਤੋਂ ਬਾਅਦ ਆਸਟ੍ਰੇਲੀਆ ਦੇ ਐੱਨਆਰਆਈਜ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

 

 

ਡਾ. ਪ੍ਰੀਤੀ ਜਦੋਂ ਐਤਵਾਰ ਨੂੰ ਘਰ ਨਹੀਂ ਪਰਤੀ ਸੀ, ਤਦ ਉਸ ਦੇ ਪਰਿਵਾਰ ਨੇ ਉਸ ਦੇ ਗੁੰਮ ਹੋਣ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾਈ ਸੀ। ਉਸ ਨੇ ਆਖ਼ਰੀ ਵਾਰ ਐਤਵਾਰ ਨੂੰ ਸਵੇਰੇ 11 ਵਜੇ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਸੀ। ਉਸ ਨੇ ਤਦ ਆਖਿਆ ਸੀ ਕਿ ਉਹ ਕੁਝ ਦੇਰੀ ਨਾਲ ਨਾਸ਼ਤਾ ਕਰ ਕੇ ਹੀ ਘਰ ਪਰਤੇਗੀ।

 

 

ਸੀਸੀਟੀਵੀ ਫ਼ੁਟੇਜ ਵਿੱਚ ਪ੍ਰੀਤੀ ਸਿਡਨੀ ਦੇ ਸੀਬੀਡੀ ਵਿੱਚ ਸਟ੍ਰੈਂਡ ਆਰਕੇਡ ਅੰਦਰ ਮੈਕਡੋਨਾਲਡ ’ਚ ਵਿਖਾਈ ਦੇ ਰਹੀ ਹੈ। ਉਸ ਨੇ ਲੰਮੀਆਂ ਬਾਹਾਂ ਵਾਲੀ ਕਾਲੀ ਕਮੀਜ਼, ਕਾਲੀ ਪੈਂਟ ਪਹਿਨੀ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Origin Dentist murdered in Sydney dead body found in a suitcase