ਭਾਰਤੀ ਮੂਲ ਦੀ 21 ਸਾਲਾ ਕੁੜੀ ਦੀ ਲਾਸ਼ ਅਮਰੀਕੀ ਸੂਬੇ ਇੰਡੀਆਨਾ ਦੀ ਇੱਕ ਯੂਨੀਵਰਸਿਟੀ ਦੀ ਝੀਲ ’ਚੋਂ ਬਰਾਮਦ ਹੋਈ ਹੈ। ਇਹ ਲਾਸ਼ ਮਿਲਣ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ ਹੈ। ਇਹ ਵਾਰਦਾਤ ਯੂਨੀਵਰਸਿਟੀ ਆੱਫ਼ ਨੌਤਰੇ ਡੇਮ ’ਚ ਵਾਪਰੀ ਹੈ।
ਭਾਰਤੀ ਮੂਲ ਦੀ ਕੁੜੀ ਦਾ ਨਾਂਅ ਐਨਰੋਜ਼ ਜੈਰੀ ਦੱਸਿਆ ਜਾ ਰਿਹਾ ਹੈ, ਜੋ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਤੇ ਬਹੁਤ ਵਧੀਆ ਸੰਗੀਤਕਾਰ ਵੀ ਸੀ। ਉਸ ਦੇ ਰਿਸ਼ਤੇਦਾਰ ਭਾਰਤੀ ਸੂਬੇ ਕੇਰਲ ’ਚ ਰਹਿੰਦੇ ਹਨ। ਉਹ ਬੀਤੀ 21 ਜਨਵਰੀ ਤੋਂ ਭੇਤ ਭਰੀ ਹਾਲਤ ’ਚ ਲਾਪਤਾ ਸੀ।
ਇਹ ਵੀ ਪਤਾ ਲੱਗਾ ਹੈ ਕਿ ਲੜਕੀ ਜੈਰੀ ਬਲੇਨੇ ਹਾਈ ਸਕੂਲ ’ਚ ਆਪਣੀ ਕਲਾਸ ’ਚੋਂ ਅੱਵਲ ਰਹੀ ਸੀ। ਉਹ ਸਾਇੰਸ ਤੇ ਬਿਜ਼ਨੇਸ ਦੀ ਪੜ੍ਹਾਈ ਕਰ ਰਹੀ ਸੀ। ਨੌਤਰੇ ਡੇਮ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਨੇ ਦੱਸਿਆ ਕਿ ਐਨਰੋਜ਼ ਜੈਰੀ ਬੀਤੇ ਮੰਗਲਵਾਰ ਤੋਂ ਲਾਪਤਾ ਸੀ ਤੇ ਹੁਣ ਉਸ ਦੀ ਲਾਸ਼ ਯੂਨੀਵਰਸਿਟੀ ਕੈਂਪਸ ਅੰਦਰ ਬਣੀ ਝੀਲ ’ਚੋਂ ਬਰਾਮਦ ਹੋਈ ਹੈ।
ਜੈਰੀ ਦੀ ਲਾਸ਼ ਉੱਤੇ ਕਿਸੇ ਤਰ੍ਹਾਂ ਦੀ ਖਿੱਚ–ਧੂਹ ਜਾਂ ਜ਼ਖ਼ਮ ਦਾ ਕੋਈ ਨਿਸ਼ਾਨ ਵਿਖਾਈ ਨਹੀਂ ਦਿੱਤਾ। ਜੈਰੀ ਨੂੰ ਬਾਇਓ–ਕੈਮਿਸਟ੍ਰੀ ਪੜ੍ਹਾਉਣ ਵਾਲੇ ਇੱਕ ਅਧਿਆਪਕ ਫ਼ਿਲ ਮੈਕਾਊਨ ਨੇ ਦੱਸਿਆ ਕਿ ਜੈਰੀ ਨੂੰ ਪਿਆਨੋ ਬਹੁਤ ਵਧੀਆ ਵਜਾਉਣਾ ਆਉਂਦਾ ਸੀ। ਇਸ ਦੇ ਨਾਲ ਹੀ ਉਹ ਯੂਨੀਵਰਸਿਟੀ ਦੇ ਸਮਾਰੋਹਾਂ ’ਚ ਬਾਂਸਰੀ ਵੀ ਵਜਾਉਂਦੀ ਰਹੀ ਹੈ।
ਯੂਨੀਵਰਸਿਟੀ ਦੇ ਪ੍ਰਬੰਧਕੀ ਅਮਲੇ ਤੇ ਕੁਝ ਵਿਦਿਆਰਥੀਆਂ ਨੇ ਵੀ ਐਨਰੋਜ਼ ਜੈਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।
ਕੁਝ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਐਨਰੋਜ਼ ਜੈਰੀ ਅਚਾਨਕ ਝੀਲ ਵਿੱਚ ਡਿੱਗੀ ਹੋ ਸਕਦੀ ਹੈ ਕਿਉਂਕਿ ਹਾਲੇ ਤੱਕ ਇਸ ਭੇਤ ਭਰੀ ਮੌਤ ਪਿੱਛੇ ਸ਼ੱਕ ਵਾਲੀ ਕੋਈ ਗੱਲ ਵਿਖਾਈ ਨਹੀਂ ਦਿੱਤੀ।