ਯੂਏਈ (ਸੰਯੁਕਤ ਅਰਬ ਅਮੀਰਾਤ) ਦੇ ਸ਼ਹਿਰ ਰਾਸ ਅਲ ਖ਼ੈਮਾਹ `ਚ ਰਹਿੰਦੇ ਭਾਰਤੀ ਮੂਲ ਦੇ ਉੱਘੇ ਸਮਾਜ-ਸੇਵਕ ਸੰਦੀਪ ਵੇਲਾਲੂਰ ਨੇ ਖ਼ੁਦਕੁਸ਼ੀ ਕਰ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ ਹੈ। ਉਸ ਦੀ ਲਾਸ਼ ਉਸ ਦੇ ਹੀ ਅਪਾਰਟਮੈਂਟ `ਚ ਛੱਤ ਦੇ ਪੱਖੇ ਨਾਲ ਲਟਕਦੀ ਮਿਲੀ। ਉਹ ਸਟਾਫ਼ ਸਰਵੇਅਰ ਵਜੋਂ ਕੰਮ ਕਰਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਨੇ ਇੱਕ ਟਰਾਂਸਪੋਰਟ ਕੰਪਨੀ ਕਾਇਮ ਕੀਤੀ ਸੀ, ਜਿਸ ਵਿੱਚ ਉਸ ਨੂੰ ਬਹੁਤ ਜਿ਼ਆਦਾ ਘਾਟਾ ਪੈ ਗਿਆ ਸੀ। ਸ਼ਾਇਦ ਇਸੇ ਲਈ ਉਸ ਨੇ ਅਜਿਹਾ ਕਦਮ ਚੁੱਕਿਆ। ਉਹ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਿਆ ਹੈ। ਉਸ ਦੇ ਨਾਲ ਰਹਿਣ ਵਾਲੇ ਦੂਜੇ ਸਾਥੀ ਉਸ ਵੇਲੇ ਘਰ `ਚ ਨਹੀਂ ਸਨ, ਜਦੋਂ ਉਸ ਨੇ ਇਹ ਕਦਮ ਚੁੱਕਿਆ। ਪੁਲਿਸ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ।
ਦੁਬਈ ਸਥਿਤ ਭਾਰਤੀ ਕੌਂਸਲੇਟ ਜਨਰਲ ਵੱਲੋਂ ਗਠਤ ਮੈਡੀਕਲ ਕਮੇਟੀ ਨਾਲ ਜੁੜੇ ਇੱਕ ਸਮਾਜ-ਸੇਵਕ ਪ੍ਰਸਾਦ ਸ੍ਰੀਧਰਨ ਨੇ ਦੱਸਿਆ ਕਿ ਜਦੋਂ ਉਹ ਕੰਮ ਤੋਂ ਪਰਤੇ, ਤਾਂ ਵੇਖਿਆ ਕਿ ਦਰਵਾਜ਼ਾ ਅੰਦਰੋਂ ਬੰਦ ਸੀ। ਉਨ੍ਹਾਂ ਨੂੰ ਅੰਦਰ ਦਾਖ਼ਲ ਹੋਣ ਲਈ ਦਰਵਾਜ਼ਾ ਤੋੜਨਾ ਪਿਆ ਤੇ ਅੰਦਰ ਜਾ ਕੇ ਵੇਖਿਆ ਕਿ ਉਸ ਦੀ ਲਾਸ਼ ਛੱਤ ਦੇ ਪੱਖੇ ਨਾਲ ਲਟਕ ਰਹੀ ਸੀ।
ਸੰਦੀਪ ਜਿੱਥੇ ਯੂਲਾਨ ਕਲਾ ਸਾਹਿਤੀ ਨਾਂਅ ਦੀ ਜੱਥੇਬੰਦੀ ਦਾ ਜਨਰਲ ਸਕੱਤਰ ਸੀ, ਉੱਥੇ ਉਹ ਫ਼ਰੈਂਡਜ਼ ਕ੍ਰਿਕੇਟ ਐਸੋਸੀਏਸ਼ਨ ਦਾ ਟੀਮ ਲੀਡਰ ਵੀ ਸੀ। ਉਹ ਸ਼ਹਿਰ ਵਿੰਚ ਅਕਸਰ ਖ਼ੂਨਦਾਨ ਕੈਂਪ ਲਵਾਉਂਦਾ ਹੁੰਦਾ ਸੀ। ਸਿਹਤ ਮੰਤਰਾਲੇ ਨੇ ਉਸ ਨੂੰ ਸਾਲ 2016 `ਚ ਸਨਮਾਨਿਤ ਵੀ ਕੀਤਾ ਸੀ। ਉਸ ਨੇ ਸਾਲ 2017 `ਚ ਰਾਸ ਅਲ ਖ਼ੈਮਾਹ ਦੇ ਹੀ ਇੱਕ ਭਾਰਤੀ ਵਰਕਰ ਦੇ ਪਰਿਵਾਰ ਨੂੰ 4 ਲੱਖ ਰੁਪਏ ਦਾਨ ਕੀਤੇ ਸਨ ਕਿਉਂਕਿ ਪਹਿਲਾਂ ਉਸ ਵਰਕਰ ਨੂੰ ਲਕਵਾ ਮਾਰ ਗਿਆ ਸੀ ਤੇ ਫਿਰ ਇੱਕ ਸੜਕ ਹਾਦਸੇ `ਚ ਉਸ ਦੀ ਮੌਤ ਹੋ ਗਈ ਸੀ।
ਸੰਦੀਪ ਵੇਲਾਲੂਰ ਨੇ ਤਿੰਨ ਵਰ੍ਹੇ ਪਹਿਲਾਂ ਆਪਣਾ ਪਰਿਵਾਰ ਭਾਰਤ ਭੇਜ ਦਿੱਤਾ ਸੀ ਤੇ ਉਹ ਸ਼ਹਿਰ ਦੇ ਇਮੀਗ੍ਰੇਸ਼ਨ ਵਿਭਾਗ ਦੇ ਪਿਛਲੇ ਪਾਸੇ ਬਣੀ ਇੱਕ ਵਿਲਾ `ਚ ਆਪਣੇ ਦੋ ਦੋਸਤਾਂ ਨਾਲ ਰਹਿ ਰਿਹਾ ਸੀ।