ਅਗਲੀ ਕਹਾਣੀ

​​​​​​​ਭਾਰਤ–ਪਾਕਿ ਤਣਾਅ ਘਟਿਆ, ਮਦਦ ਲਈ ਤਿਆਰ: ਡੋਨਾਲਡ ਟਰੰਪ

​​​​​​​ਭਾਰਤ–ਪਾਕਿ ਤਣਾਅ ਘਟਿਆ, ਮਦਦ ਲਈ ਤਿਆਰ: ਡੋਨਾਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੋ ਹਫ਼ਤੇ ਪਹਿਲਾਂ ਦੇ ਮੁਕਾਬਲੇ ਹੁਣ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਕੁਝ ਘੱਟ ਹੈ। ਸ੍ਰੀ ਟਰੰਪ ਨੇ ਕਿਹਾ ਕਿ ਜੇ ਦੋਵੇਂ ਦੇਸ਼ ਚਾਹੁਣ, ਤਾਂ ਉਹ ਮਦਦ ਲਈ ਤਿਆਰ ਹਨ।

 

 

ਫ਼ਰਾਂਸ ’ਚ  26 ਅਗਸਤ ਨੂੰ ਜੀ–7 ਸਿਖ਼ਰ ਸੰਮੇਲਨ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਸ੍ਰੀ ਡੋਨਾਲਡ ਟਰੰਪ ਵਿਚਾਲੇ ਹੋਈ ਮੁਲਾਕਾਤ ਤੋਂ ਬਾਅਦ ਹੁਣ ਇਹ ਬਿਆਨ ਆਇਆ ਹੈ।

 

 

ਪੀਟੀਆਈ ਮੁਤਾਬਕ ਸ੍ਰੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਨੂੰ ਲੈ ਕੇ ਤਣਾਅ ਹੈ। ਮੈਨੂੰ ਲਗਦਾ ਹੈ ਕਿ ਹੁਣ ਦੋਵੇਂ ਦੇਸ਼ਾਂ ਵਿਚਾਲੇ ਇਹ ਤਣਾਅ ਥੋੜ੍ਹਾ ਘੱਟ ਹੋਇਆ ਹੈ, ਜਿੰਨਾ ਦੋ ਹਫ਼ਤੇ ਪਹਿਲਾਂ ਸੀ।

 

 

ਇੱਥੇ ਵਰਨਣਯੋਗ ਹੈ ਕਿ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਹਟਾਏ ਜਾਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਸੀ।

 

 

ਇੱਥੇ ਵਰਨਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਸ੍ਰੀ ਟਰੰਪ ਨੇ ਇਹ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ ਉੱਤੇ ਵਿਚੋਲਗੀ ਕਰਨ ਲਈ ਆਖਿਆ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਸ੍ਰੀ ਮੋਦੀ ਤੇ ਉਨ੍ਹਾਂ ਨੇ ਜਾਪਾਨ ਦੇ ਸ਼ਹਿਰ ਓਸਾਕਾ ਵਿਖੇ ਜੀ–20 ਸਿਖ਼ਰ ਸੰਮੇਲਨ ਦੇ ਚੱਲਦਿਆਂ ਕਸ਼ਮੀਰ ਮੁੱਦੇ ਉੱਤੇ ਚਰਚਾ ਕੀਤੀ ਸੀ, ਜਿੱਥੇ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਉੱਤੇ ਤੀਜੀ ਧਿਰ ਦੀ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ।

 

 

ਪਰ ਭਾਰਤ ਨੇ ਸ੍ਰੀ ਟਰੰਪ ਦੇ ਇਸ ਬਿਆਨ ਨੂੰ ਮੁੱਢੋਂ ਨਕਾਰ ਦਿੱਤਾ ਸੀ ਤੇ ਸ੍ਰੀ ਟਰੰਪ ਵੀ ਤਦ ਆਪਣੇ ਬਿਆਨ ਵਿੱਚ ਕੁਝ ਤਬਦੀਲੀ ਕਰ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indo-Pak tension recedes ready to help says Donald Trump