ਅਮਰੀਕਾ ’ਚ ਕੋਰੋਨਾ ਵਾਇਰਸ ਤੋਂ ਪੀੜਤ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 5 ਲੱਖ 54 ਹਜ਼ਾਰ 226 ਤੱਕ ਪੁੱਜ ਗਈ ਹੈ ਤੇ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 21,994 ਹੋ ਗਈ ਹੈ। ਇਹ ਦੋਵੇਂ ਹੀ ਅੰਕੜੇ ਸਮੁੱਚੇ ਵਿਸ਼ਵ ’ਚ ਸਭ ਤੋਂ ਵੱਧ ਹਨ। ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਈ ਇਹ ਮਹਾਮਾਰੀ ਅਮਰੀਕਾ ’ਚ ਸਭ ਤੋਂ ਵੱਧ ਕਹਿਰ ਮਚਾ ਰਹੀ ਹੈ।
ਪਹਿਲਾਂ ਸਭ ਤੋਂ ਵੱਧ ਮੌਤਾਂ ਇਟਲੀ ’ਚ ਸਨ ਪਰ ਪਿਛਲੇ ਦੋ–ਤਿੰਨ ਦਿਨਾਂ ਤੋਂ ਅਮਰੀਕਾ ਨੇ ਯੂਰੋਪੀ ਦੇਸ਼ਾਂ ਨੂੰ ਪਛਾੜ ਦਿੱਤਾ ਹੈ।
ਭਾਰਤ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 8,447 ਹੋ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਦੇਰ ਸ਼ਾਮੀਂ ਜਾਰੀ ਅੰਕੜਿਆਂ ਮੁਤਾਬਕ ਮਰੀਜ਼ਾਂ ਦੀ ਗਿਣਤੀ 8,447 ਹੈ, ਜਦ ਕਿ ਮ੍ਰਿਤਕਾਂ ਦੀ ਗਿਣਤੀ ਵਧ ਕੇ 273 ਤੱਕ ਪੁੱਜ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ ਭਾਰਤ ’ਚ 31 ਮੌਤਾਂ ਕੋਰੋਨਾ ਕਰਕੇ ਹੋਈਆਂ ਹਨ, ਜਦ ਕਿ 918 ਨਵੇਂ ਮਾਮਲੇ ਸਾਹਾਮਣੇ ਆਏ ਹਨ।
ਜੌਨ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਮਾਨਾਂ ਮੁਤਾਬਕ ਵੱਡੇ ਦੇਸ਼ਾਂ ’ਚ ਲੌਕਡਾਊਨ ਤੇ ਇਲਾਜ ਦੇ ਐਮਰਜੈਂਸੀ ਇੰਤਜ਼ਾਮਾਂ ਦੇ ਬਾਵਜੂਦ ਅਪ੍ਰੈਲ ਦੇ ਅੰਤ ਤੱਕ ਮਰੀਜ਼ਾਂ ਦੀ ਕੁੱਲ ਗਿਣਤੀ 30 ਤੋਂ 35 ਲੱਖ ਹੋ ਸਕਦੀ ਹੈ।
ਈਰਾਨ ’ਚ ਕੱਲ੍ਹ ਐਤਵਾਰ ਨੂੰ 117 ਹੋਰ ਮੌਤਾਂ ਤੋਂ ਬਾਅਦ ਦੇਸ਼ ਵਿੱਚ ਮ੍ਰਿਤਕਾਂ ਦੀ ਅਧਿਕਾਰਤ ਗਿਣਤੀ 4,474 ਹੋ ਗਈ ਹੈ। ਇਸ ਦੌਰਾਨ ਉੱਥੇ ਪਾਬੰਦੀਆਂ ’ਚ ਕੁਝ ਢਿੱਲ ਦਿੱਤੀ ਜਾ ਰਹੀ ਹੈ।
ਸਿਹਤ ਮੰਤਰਾਲੇ ਦੇ ਬੁਲਾਰੇ ਕਿਆਨੋਸ਼ ਜਹਾਂਪੁਰ ਨੇ ਕਿਹਾ ਕਿ ਪਿਛਲੇ 24 ਘੰਟਿਆਂ ’ਚ 1,657 ਹੋਰ ਵਿਅਕਤੀਆਂ ਦੇ ਕੋਰੋਨਾ–ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ।