ਈਰਾਨ ਦਾ ਯੂਰੇਨੀਅਮ ਵਾਧਾ ਪੱਧਰ ਕੱਲ੍ਹ ਸੋਮਵਾਰ ਨੂੰ 4.5 ਫ਼ੀ ਸਦੀ ਤੋਂ ਪਾਰ ਚਲਾ ਗਿਆ, ਜੋ ਸਾਲ 2015 ਦੌਰਾਨ ਹੋਏ ਪ੍ਰਮਾਣੂ ਸਮਝੌਤੇ ਵਿੱਚ ਤੈਅ ਹੱਦ ਤੋਂ ਵੱਧ ਹੈ। ਈਰਾਨੀ ਪ੍ਰਮਾਣੂ ਊਰਜਾ ਸੰਗਠਨ ਦੇ ਬੁਲਾਰੇ ਬਹਿਰੋਜ ਕਮਾਲਵੰਦੀ ਨੇ ਇਹ ਜਾਣਕਾਰੀ ਦਿੱਤੀ।
ਇੱਕ ਅਰਧ–ਸਰਕਾਰੀ ਖ਼ਬਰ ਏਜੰਸੀ ਆਈਐੱਸਐੱਨਏ ਮੁਤਾਬਕ ਕੱਲ੍ਹ ਸਵੇਰੇ ਈਰਾਨ ਨੇ ਯੂਰੇਨੀਅਮ ਵਾਧੇ ਦੇ 4.5 ਫ਼ੀ ਸਦੀ ਦੇ ਪੱਧਰ ਨੂੰ ਪਾਰ ਕਰ ਲਿਆ। ਇਸ ਪੱਧਰ ਦੀ ਸ਼ੁੱਧਤਾ ਦੇਸ਼ ਦੇ ਊਰਜਾ ਪਲਾਂਟਾਂ ਦੀਆਂ ਬਾਲਣ ਦੀਆਂ ਜ਼ਰੂਰਤਾਂ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰਦੀ ਹੈ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਫ਼ਿਲਹਾਲ ਈਰਾਨ ਇਸ ਵਾਧੇ ਉੱਤੇ ਟਿਕਿਆ ਰਹਿ ਸਕਦਾ ਹੈ।
ਈਰਾਨ ਨੇ ਉਸ ਤੋਂ ਇੱਕ ਦਿਨ ਪਹਿਲਾਂ ਐਤਵਾਰ ਨੂੰ ਹੀ ਆਖ ਦਿੱਤਾ ਸੀ ਕਿ ਉਹ ਸਾਲ 2015 ਦੌਰਾਨ ਹੋਏ ਸਮਝੌਤੇ ਵਿੱਚ ਤੈਅਸ਼ੁਦਾ 3.7 ਫ਼ੀ ਸਦੀ ਵਾਧੇ ਦੀ ਹੱਦ ਦੀ ਪਾਲਣਾ ਨਹੀਂ ਕਰੇਗਾ। ਇਸ ਨੂੰ ਦੂਜੇ ਪੱਖਾਂ ਉੱਤੇ ਦਬਾਅ ਬਣਾਉਣ ਦੇ ਜਤਨਾਂ ਵਜੋਂ ਵੇਖਿਆ ਜਾ ਰਿਹਾ ਹੈ।
ਈਰਾਨ ਤੇ ਛੇ ਹੋਰ ਵਿਸ਼ਵ ਸ਼ਕਤੀਆਂ ਵਿਚਾਲੇ ਹੋਏ ਸਮਝੌਤੇ ਤੋਂ ਮਈ 2018 ’ਚ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਖ ਹੋ ਗਏ ਸਨ। ਉਸ ਤੋਂ ਬਾਅਦ ਇਸ ਇਸਲਾਮਿਕ ਗਣਰਾਜ ਦੇ ਅਹਿਮ ਤੇਲ ਤੇ ਵਿੱਤੀ ਉਦਯੋਗਾਂ ਸਮੇਤ ਕਈ ਖੇਤਰਾਂ ਉੱਤੇ ਦੋਬਾਰਾ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਨ।