ਈਰਾਨ ਦੇ ਦੂਰਸੰਚਾਰ ਮੰਤਰੀ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਕਿ ਦੇਸ਼ ਨੇ ਇਕ ਹਫ਼ਤੇ ਦੇ ਅੰਦਰ ਦੂਜਾ ਸਾਈਬਰ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੂਜੇ ਹਮਲੇ ਦਾ ਟੀਚਾ ਸਰਕਾਰ ਦੀ ਖੂਫੀਆਂ ਜਾਣਕਾਰੀ ਚ ਘੁਸਪੈਠ ਕਰਨਾ ਸੀ। ਦੂਰਸੰਚਾਰ ਮੰਤਰੀ ਮੁਹੰਮਦ ਜਵਾਦ ਅਜਾਰੀ ਜ਼ਹਿਰੋਮੀ ਨੇ ਟਵੀਟ ਕੀਤਾ ਕਿ ਸਾਈਬਰ ਸੁਰੱਖਿਆ ਲਈ ਤਿਆਰ ਕੀਤੀ ਗਈ ਇੱਕ ਢਾਲ ਨੇ ਕਥਿਤ ਹਮਲੇ ਦੀ ਪਛਾਣ ਕੀਤੀ ਹੈ ਤੇ ਇਸਨੂੰ ਅਸਫਲ ਕਰ ਦਿੱਤਾ ਹੈ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਾਸੂਸੀ ਸਰਵਰਾਂ ਦੀ ਪਛਾਣ ਦੇ ਨਾਲ ਹੈਕਰਾਂ ਦਾ ਵੀ ਪਤਾ ਲਗਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ। ਜ਼ਹਰੋਮੀ ਨੇ ਬੁੱਧਵਾਰ ਨੂੰ ਅਧਿਕਾਰਤ ਆਈਆਰਐਨਏ ਡਾਇਲਾਗ ਕਮੇਟੀ ਨੂੰ ਦੱਸਿਆ ਕਿ ਈਰਾਨ ਦੇ ਇਲੈਕਟ੍ਰਾਨਿਕ ਢਾਂਚੇ ‘ਤੇ ਵੱਡਾ ਤੇ ਅਧਿਕਾਰਤ ਸਾਈਬਰ ਹਮਲਾ ਹੋਇਆ ਹੈ।
ਉਨ੍ਹਾਂ ਨੇ ਕਥਿਤ ਹਮਲੇ ਦਾ ਵੇਰਵਾ ਨਹੀਂ ਦਿੱਤਾ ਤੇ ਕਿਹਾ ਕਿ ਇਸ ਹਮਲੇ ਨੂੰ ਵੀ ਅਸਫਲ ਕਰ ਦਿੱਤਾ ਗਿਆ ਤੇ ਇਸ ਸਬੰਧ ਚ ਇੱਕ ਰਿਪੋਰਟ ਜਾਰੀ ਕੀਤੀ ਜਾਵੇਗੀ। ਮੰਗਲਵਾਰ ਨੂੰ ਮੰਤਰੀ ਨੇ ਈਰਾਨੀ ਬੈਂਕਾਂ ਨੂੰ ਨਿਸ਼ਾਨਾ ਬਣਾਉਂਦੇ ਹੈਕਿੰਗ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ। ਸਥਾਨਕ ਮੀਡੀਆ ਨੇ ਈਰਾਨ ਦੇ ਬੈਂਕਾਂ ਦੇ ਲੱਖਾਂ ਗਾਹਕਾਂ ਦੇ ਖਾਤੇ ਹੈਕ ਹੋਣ ਦੀ ਖ਼ਬਰ ਦਿੱਤੀ ਸੀ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਇਰਾਨ ਨੇ ਸਾਈਬਰ ਹਮਲੇ ਨੂੰ ਨਾਕਾਮ ਕਰਨ ਦੀ ਗੱਲ ਕਹੀ ਹੋਵੇ। ਹਾਲਾਂਕਿ, ਸਟਕਸਨੈੱਟ ਕੰਪਿਊਟਰ ਵਾਇਰਸ ਦੇ ਹਮਲੇ ਤੋਂ ਬਾਅਦ ਇਸ ਨੇ ਆਪਣੇ ਜ਼ਿਆਦਾਤਰ ਬੁਨਿਆਦੀ ਢਾਂਚੇ ਨੂੰ ਇੰਟਰਨੈਟ ਮੁਕਤ ਕਰ ਦਿੱਤਾ। ਇਹ ਵਾਇਰਸ ਸੰਯੁਕਤ ਰਾਜ ਅਤੇ ਇਜ਼ਰਾਈਲ ਦੁਆਰਾ ਸਾਂਝੇ ਤੌਰ ਤੇ ਤਿਆਰ ਕੀਤਾ ਗਿਆ ਮੰਨਿਆ ਜਾਂਦਾ ਹੈ, ਜਿਸ ਨੇ ਦੇਸ਼ ਦੀ ਪਰਮਾਣੂ ਸਹੂਲਤਾਂ ਚ ਹਜ਼ਾਰਾਂ ਈਰਾਨੀ ਸੈਂਟਰਿਫਿਊਜ ਯੰਤਰਾਂ ਨੂੰ ਨਸ਼ਟ ਕਰ ਦਿੱਤਾ।